ਪੰਜਾਬ ਚੰਡੀਗੜ੍ਹ ’ਚ ਵਿਰੋਧੀਆਂ ’ਤੇ ਵਰ੍ਹੇ ਬਲਤੇਜ ਪੰਨੂ/ ਪਾਣੀਆਂ ਸਮੇਤ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਸਾਧੇ ਨਿਸ਼ਾਨੇ/ ਲਾਸ਼ਾਂ ’ਤੇ ਰਾਜਨੀਤੀ ਕਰਨ ਦੇ ਲਾਏ ਇਲਜ਼ਾਮ By admin - October 29, 2026 0 2 Facebook Twitter Pinterest WhatsApp ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਨੇ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਸਾਧਦਿਆਂ ਕਈ ਮੁੱਦਿਆਂ ’ਤੇ ਆਪਣਾ ਪੱਖ ਰੱਖਿਆ। ਪਾਣੀਆਂ ਦੇ ਮਸਲੇ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਾਢੇ ਚਾਰ ਸਾਲਾਂ ਦੌਰਾਨ ਨਹਿਰੀ ਪਾਣੀ ਖੇਤਾਂ ਤਕ ਪਹੁੰਚਾਉਣ ਲਈ ਵੱਡੇ ਕੰਮ ਕੀਤੇ ਹਨ ਜਦਕਿ ਕਾਂਗਰਸ ਵੱਲੋਂ ਨਹਿਰੀ ਪਾਣੀ ਦੂਜੇ ਸੂਬਿਆਂ ਨੂੰ ਦੇਣ ਨੂੰ ਪਹਿਲ ਦਿੱਤੀ ਸੀ। ਉਨ੍ਹਾਂ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ 800 ਕਰੋੜ ਰੁਪਏ ਖਰਚਣ ਦਾ ਦਾਅਵਾ ਵੀ ਕੀਤਾ। ਇਸ ਦੇ ਨਾਲ ਹੀ ਰਾਜਾ ਵੜਿੰਗ ਦੀ ਵਾਇਰਲ ਵੀਡੀਓ ਦਾ ਹਵਾਲਾ ਦਿੰਦਿਆਂ ਉਨ੍ਹਾਂ ਅਫ਼ੀਮ ਅਤੇ ਭੁੱਕੀ ਬਾਰੇ ਵੀ ਟਿੱਪਣੀ ਕੀਤੀ। ਉਨ੍ਹਾਂ ਕਾਂਗਰਸ ਆਗੂਆਂ ਨੂੰ ਪੰਜਾਬ ਦੇ ਮੁੱਦਿਆਂ ਅਤੇ ਰਾਜਸਥਾਨ ਵੱਲ ਬਕਾਇਆ ਰਕਮ ਦੇ ਮਾਮਲੇ ’ਤੇ ਵੀ ਆਪਣਾ ਪੱਖ ਸਪੱਸ਼ਟ ਕਰਨ ਦੀ ਚੁਣੌਤੀ ਦਿੱਤੀ। ਕਾਂਗਰਸ ਪਾਰਟੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਜਦੋਂ ਪੰਜਾਬ ਵਿਧਾਨ ਸਭਾ ਦੇ ਹਾਲ ਹੀ ਵਿਚ ਹੋਏ ਇਜਲਾਸ ਵਿਚ ਪਾਣੀਆਂ ਦੇ ਮੁੱਦੇ ‘ਤੇ ਪੰਜਾਬ ਦੇ ਹੱਕਾਂ ਲਈ ਮਤੇ ਪਾਸ ਕੀਤੇ ਜਾ ਰਹੇ ਸਨ ਤਾਂ ਜਾਣ ਬੁੱਝ ਕੇ ਵਿਰੋਧੀ ਧਿਰ ਵਲੋਂ ਸਾਜਿਸ਼ ਅਧੀਨ ਵਾਕ ਆਊਟ ਕੀਤਾ ਗਿਆ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਹੁਣ ਪੰਜਾਬ ਫੇਰੀ ‘ਤੇ ਰਾਹੁਲ ਗਾਂਧੀ, ਸਚਿਨ ਪਾਇਲਟ ਨਾਲ ਆਉਣਗੇ, ਕੀ ਰਾਹੁਲ ਗਾਂਧੀ ਰਾਜਸਥਾਨ ਵੱਲ ਪੰਜਾਬ ਦਾ ਇਕ ਲੱਖ 44 ਕਰੋੜ ਰੁਪਏ ਰਾਇਲਟੀ ਦਾ ਬਕਾਇਆ ਦਿਵਾਉਣ ਦੀ ਗੱਲ ਕਰਨਗੇ। ਖੇਤਾਂ ਤਕ ਨਹਿਰੀ ਪਾਣੀ ਪਹੁੰਚਾਉਣ ਲਈ ਪੰਜਾਬ ਸਰਕਾਰ ਦੇ ਯਤਨਾਂ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਸੱਤਾ ਸੰਭਾਲਣ ਦੇ ਸਮੇਂ ਪੰਜਾਬ ਦੇ 22 ਫੀਸਦੀ ਖੇਤਾਂ ਤਕ ਹੀ ਨਹਿਰੀ ਪਾਣੀ ਪਹੁੰਚਦਾ ਸੀ ਜੋ ਹੁਣ ਵੱਧ ਕੇ 88 ਫ਼ੀਸਦੀ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਪਹਿਲ ਦੇ ਫਲਸਰੂਪ ਪੰਜਾਬ ਦੀ ਧਰਤੀ ਹੇਠਲਾ ਪਾਣੀ ਵੀ ਉੱਪਰ ਆਇਆ ਹੈ। ਵਿਰੋਧੀ ਧਿਰਾਂ ’ਤੇ ਤਿੱਖੇ ਹਮਲਾ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਧਿਰਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਛੱਡ ਕੇ ਸਿਰਫ ਲਾਸ਼ਾਂ ਦੀ ਰਾਜਨੀਤੀ ‘ਤੇ ਗੱਲਾਂ ਕਰ ਰਹੀਆਂ ਹਨ। ਪਿਛਲੀਆਂ ਸਰਕਾਰਾਂ ‘ਤੇ ਤਨਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਵਿਚ ਵੱਡੇ ਵੱਡੇ ਬੋਰਡਾਂ ‘ਤੇ ਪੰਜਾਬ ਦੇ ਪਾਣੀਆਂ ਦੇ ਰਾਖੇ ਕਹਿ ਕੇ ਵਡਿਆਇਆ ਜਾਂਦਾ ਸੀ ਜਦਕਿ ਅਸਲ ਵਿਚ ਉਨ੍ਹਾਂ ਨੇ ਪੰਜਾਬ ਦੇ ਪਾਣੀਆਂ ਉਤੇ ਡਾਕੇ ਮਾਰੇ ਸਨ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਜਾ ਵੜਿੰਗ ਵਲੋਂ ਨਸ਼ਿਆਂ ਸੰਬੰਧੀ ਕੀਤੀ ਟਿੱਪਣੀ ਬਾਰੇ ਉਨ੍ਹਾਂ ਕਿਹਾ ਕਿ ਨਸ਼ੇ ਦੀ ਤੋੜ ਕਦੇ ਨਸ਼ਾ ਨਹੀਂ ਹੋ ਸਕਦਾ। ਪੰਜਾਬ ਵਿਚ ਪਰਾਲੀ ਦੇ ਮੁੱਦੇ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਲਈ 800 ਕਰੋੜ ਦੀ ਮਸ਼ੀਨਰੀ ਦੇ ਨਾਲ ਬਣਾਈਆਂ ਪਰਾਲੀ ਦੀਆਂ ਗੰਢਾਂ ਹੀ ਨਜ਼ਰ ਪੈ ਰਹੀਆਂ ਹਨ। ਜਦਕਿ ਪਹਿਲਾਂ ਇਨ੍ਹਾਂ ਦਿਨਾਂ ਦੌਰਾਨ ਚਾਰੇ ਪਾਸੇ ਪਰਾਲੀ ਸਾੜਣ ਦਾ ਧੂੰਆਂ ਹੋਇਆ ਕਰਦਾ ਸੀ।