ਭੈਣੀ ਮੀਆਂ ਖਾਂ ਦਾਣਾ ਮੰਡੀ ’ਚ ਰੁਕਿਆ ਲਿਫਟਿੰਗ ਦਾ ਕੰਮ/ ਸੈਲਰ ਮਾਲਕਾਂ ਨੇ ਨਮੀ ਵਾਲਾ ਝੋਨਾ ਲੈਣ ਤੋਂ ਕੀਤਾ ਇਨਕਾਰ/ ਆੜ੍ਹਤੀਆਂ ਵੱਲੋਂ ਮਸਲਾ ਹੱਲ ਨਾ ਹੋਣ ਤੇ ਧਰਨੇ ਦੀ ਚਿਤਾਵਨੀ

0
1

ਗੁਰਦਾਸਪੁਰ ਦੀ ਭੈਣੀ ਮੀਆਂ ਖਾਂ ਦਾਣਾ ਮੰਡੀ ਵਿੱਚ ਝੋਨੇ ਦੀ ਲਿਫਟਿੰਗ ਪ੍ਰਭਾਵਿਤ ਹੋਣ ਕਾਰਨ ਆੜ੍ਹਤੀਆਂ ਵਿੱਚ ਭਾਰੀ ਰੋਸ ਹੈ। ਸੈਲਰ ਮਾਲਕਾਂ ਵੱਲੋਂ 17 ਫ਼ੀਸਦੀ ਨਮੀ ਵਾਲਾ ਝੋਨਾ ਲੈਣ ਤੋਂ ਇਨਕਾਰ ਕਰਨ ਅਤੇ ਟਰਾਲੀਆਂ ਵਾਪਸ ਮੋੜਨ ਦੇ ਦੋਸ਼ ਲਗਾਏ ਗਏ ਹਨ। ਸਮੱਸਿਆ ਦੇ ਹੱਲ ਦੀ ਮੰਗ ਨੂੰ ਲੈ ਕੇ ਡੀ.ਸੀ. ਦਫ਼ਤਰ ਪਹੁੰਚੇ ਆੜ੍ਹਤੀਆਂ ਨੇ ਕਿਹਾ ਕਿ ਲਿਫਟਿੰਗ ਨਾ ਹੋਣ ਕਾਰਨ ਮੰਡੀ ਵਿੱਚ ਝੋਨੇ ਦੇ ਢੇਰ ਲੱਗ ਰਹੇ ਹਨ। ਪ੍ਰਸ਼ਾਸਨ ਵੱਲੋਂ ਡੀ.ਐੱਫ਼.ਐੱਸ.ਸੀ. ਨਾਲ ਗੱਲਬਾਤ ਕਰਕੇ ਜਲਦ ਹੱਲ ਦਾ ਭਰੋਸਾ ਦਿੱਤਾ ਗਿਆ ਹੈ। ਆੜ੍ਹਤੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅੱਜ ਜਾਂ ਕੱਲ੍ਹ ਤੱਕ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਡੀ.ਸੀ. ਦਫ਼ਤਰ ਅੱਗੇ ਧਰਨਾ ਦੇਣਗੇ।
ਆੜ੍ਹਤੀਆਂ ਨੇ ਦੱਸਿਆ ਕਿ ਮਾਰਕਫੈੱਡ ਏਜੰਸੀ ਅਧੀਨ ਆਉਂਦੀ ਭੈਣੀ ਮੀਆਂ ਖਾਂ ਮੰਡੀ ਵਿੱਚ ਝੋਨੇ ਦੀ ਲਿਫਟਿੰਗ ਦਾ ਕੰਮ ਠੱਪ ਹੋਣ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਜਵਾ ਟ੍ਰੇਡ ਕੰਪਨੀ ਨਾਲ ਸਬੰਧਤ ਬਲਵਿੰਦਰ ਸਿੰਘ ਅਤੇ ਹੋਰ ਆੜ੍ਹਤੀਆਂ ਅਨੁਸਾਰ, ਜਦੋਂ ਉਨ੍ਹਾਂ ਨੇ 17 ਫ਼ੀਸਦੀ ਨਮੀ ਵਾਲਾ ਝੋਨਾ ਟਰਾਲੀਆਂ ਵਿੱਚ ਲੱਦ ਕੇ ਸੈਲਰ ਵਿੱਚ ਭੇਜਿਆ ਤਾਂ ਸੈਲਰ ਮਾਲਕਾਂ ਵੱਲੋਂ ਝੋਨਾ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ। ਆੜ੍ਹਤੀਆਂ ਦਾ ਦੋਸ਼ ਹੈ ਕਿ ਝੋਨੇ ਦੀ ਗੁਣਵੱਤਾ ਖ਼ਰਾਬ ਹੋਣ ਦਾ ਹਵਾਲਾ ਦੇ ਕੇ ਟਰਾਲੀਆਂ ਵਾਪਸ ਮੋੜ ਦਿੱਤੀਆਂ ਗਈਆਂ। ਆੜ੍ਹਤੀਆਂ ਨੇ ਕਿਹਾ ਕਿ ਝੋਨੇ ਦੀ ਲਿਫਟਿੰਗ ਨਾ ਹੋਣ ਅਤੇ ਟਰਾਲੀਆਂ ਵਾਪਸ ਆਉਣ ਕਾਰਨ ਮੰਡੀ ਵਿੱਚ ਫ਼ਸਲ ਦਾ ਢੇਰ ਲੱਗ ਰਿਹਾ ਹੈ। ਇਸ ਨਾਲ ਨਾ ਸਿਰਫ਼ ਮੰਡੀ ਵਿੱਚ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ। ਸਗੋਂ ਕਿਸਾਨਾਂ ਦੀ ਫ਼ਸਲ ਦੀ ਸੰਭਾਲ ਅਤੇ ਅਗਲੀ ਫ਼ਸਲ ਲਿਆਉਣ ਸਬੰਧੀ ਵੀ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ।
ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੰਡੀ ਵਿੱਚ ਪਏ ਝੋਨੇ ਦੀ ਲਿਫਟਿੰਗ ਯਕੀਨੀ ਬਣਾਈ ਜਾਵੇ ਅਤੇ ਸੈਲਰਾਂ ਵਿੱਚ ਫ਼ਸਲ ਦੀ ਸਪਲਾਈ ਸਬੰਧੀ ਆ ਰਹੀਆਂ ਰੁਕਾਵਟਾਂ ਨੂੰ ਤੁਰੰਤ ਦੂਰ ਕੀਤਾ ਜਾਵੇ।ਇਸ ਸਬੰਧੀ ਡੀ.ਸੀ. ਦਫ਼ਤਰ ਪਹੁੰਚੇ ਆੜ੍ਹਤੀਆਂ ਨੂੰ ਪ੍ਰਸ਼ਾਸਨ ਵੱਲੋਂ ਮਾਮਲੇ ਦੇ ਹੱਲ ਲਈ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ (ਡੀ.ਐੱਫ਼.ਐੱਸ.ਸੀ.) ਨਾਲ ਗੱਲਬਾਤ ਕਰਨ ਅਤੇ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।ਆੜ੍ਹਤੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਅੱਜ ਜਾਂ ਕੱਲ੍ਹ ਤੱਕ ਇਸ ਸਮੱਸਿਆ ਦਾ ਠੋਸ ਹੱਲ ਨਾ ਕੀਤਾ ਗਿਆ ਤਾਂ ਉਹ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਡੀ.ਸੀ. ਦਫ਼ਤਰ ਦੇ ਸਾਹਮਣੇ ਧਰਨਾ ਦੇਣ ਲਈ ਮਜਬੂਰ ਹੋਣਗੇ।

LEAVE A REPLY

Please enter your comment!
Please enter your name here