ਪੰਜਾਬ ਪਟਿਆਲਾ ਦੀ ਧੀ ਨੇ ਚਮਕਾਇਆ ਪੰਜਾਬ ਦਾ ਨਾਮ/ ਏਸ਼ੀਅਨ ਗੇਮਜ਼ ’ਚ ਹਾਸਿਲ ਕੀਤੇ ਕਾਂਸੀ ਦੇ ਦੋ ਤਮਗੇ/ ਪਟਿਆਲਾ ਪਰਤਣ ’ਤੇ ਹੋਇਆ ਸ਼ਾਨਦਾਰ ਸਵਾਗਤ By admin - October 12, 2026 0 1 Facebook Twitter Pinterest WhatsApp ਜਪਾਨ ਵਿੱਚ ਹੋਈਆਂ 20ਵੀਆਂ ਏਸ਼ੀਅਨ ਗੇਮਜ਼ ਵਿੱਚ ਸ਼ੂਟਿੰਗ ਦੇ ਮੁਕਾਬਲਿਆਂ ਦੌਰਾਨ ਦੋ ਕਾਂਸੀ ਦੇ ਤਮਗੇ ਜਿੱਤਣ ਵਾਲੀ ਪਟਿਆਲਾ ਦੀ ਧੀ ਪਰਿਨਾਜ਼ ਧਾਲੀਵਾਲ ਦੇ ਪਟਿਆਲਾ ਪਹੁੰਚਣ ’ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ, ਜ਼ਿਲ੍ਹਾ ਖੇਡ ਅਫ਼ਸਰ ਨਵਤੇਜ ਧਾਲੀਵਾਲ ਸਮੇਤ ਹੋਰ ਸ਼ਖ਼ਸੀਅਤਾਂ ਮੌਜੂਦ ਰਹੀਆਂ। ਵਿਧਾਇਕ ਨੇ ਪਰਿਨਾਜ਼ ਦੀ ਪ੍ਰਾਪਤੀ ਨੂੰ ਪੰਜਾਬ ਅਤੇ ਦੇਸ਼ ਲਈ ਮਾਣ ਵਾਲੀ ਗੱਲ ਦੱਸਿਆ। ਉੱਧਰ, ਪਰਿਨਾਜ਼ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਪਰਿਵਾਰ ਅਤੇ ਪੰਜਾਬ ਸਰਕਾਰ ਨੂੰ ਦਿੰਦਿਆਂ ਕਿਹਾ ਕਿ ਏਸ਼ੀਅਨ ਗੇਮਜ਼ ਵਿੱਚ ਦੋ ਤਮਗੇ ਜਿੱਤਣਾ ਉਸ ਲਈ ਮਾਣ ਵਾਲਾ ਪਲ ਹੈ। ਪਰਿਨਾਜ਼ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਸ ਨੂੰ ਖੇਡਾਂ ਦੀ ਤਿਆਰੀ ਲਈ ਵਿੱਤੀ ਸਹਾਇਤਾ ਦਿੱਤੀ ਗਈ ਹੈ। ਉਸ ਨੇ ਦੱਸਿਆ ਕਿ ਅੰਤਰਰਾਸ਼ਟਰੀ ਪੱਧਰ ’ਤੇ ਸ਼ੂਟਿੰਗ ਦੀ ਤਿਆਰੀ ਕਾਫ਼ੀ ਮਹਿੰਗੀ ਹੁੰਦੀ ਹੈ ਅਤੇ ਉਸ ਦੇ ਨਿੱਜੀ ਸਿਖਲਾਈ ਕੈਂਪ ਫਰਾਂਸ ਵਿੱਚ ਲੱਗਦੇ ਹਨ। ਅਜਿਹੇ ਵਿੱਚ ਖਿਡਾਰੀਆਂ ਨੂੰ ਮਿਲਣ ਵਾਲੀ ਵਿੱਤੀ ਸਹਾਇਤਾ ਉਨ੍ਹਾਂ ਦੀ ਤਿਆਰੀ ਅਤੇ ਪ੍ਰਦਰਸ਼ਨ ਲਈ ਅਹਿਮ ਹੁੰਦੀ ਹੈ। ਉਸ ਨੇ ਇਹ ਵੀ ਦੱਸਿਆ ਕਿ ਏਸ਼ੀਅਨ ਗੇਮਜ਼ ਦੌਰਾਨ ਆਵਾਜਾਈ, ਮੁਕਾਬਲਿਆਂ ਦੇ ਸਮੇਂ ਅਤੇ ਪ੍ਰਬੰਧਾਂ ਨਾਲ ਜੁੜੀਆਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਬਾਵਜੂਦ ਉਸ ਨੇ ਹੌਸਲਾ ਬਣਾਈ ਰੱਖਿਆ ਅਤੇ ਤਮਗੇ ਜਿੱਤਣ ਵਿੱਚ ਸਫ਼ਲਤਾ ਹਾਸਲ ਕੀਤੀ। ਨੌਜਵਾਨਾਂ ਅਤੇ ਮਾਪਿਆਂ ਨੂੰ ਸੰਦੇਸ਼ ਦਿੰਦਿਆਂ ਪਰਿਨਾਜ਼ ਨੇ ਕਿਹਾ ਕਿ ਬੱਚਿਆਂ ਨੂੰ ਸਿਰਫ਼ ਪੜ੍ਹਾਈ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ, ਸਗੋਂ ਉਨ੍ਹਾਂ ਦੀ ਰੁਚੀ ਅਨੁਸਾਰ ਖੇਡਾਂ ਅਤੇ ਹੋਰ ਖੇਤਰਾਂ ਵਿੱਚ ਵੀ ਅੱਗੇ ਵਧਣ ਦੇ ਮੌਕੇ ਦੇਣੇ ਚਾਹੀਦੇ ਹਨ। ਮਾਪਿਆਂ ਦੀ ਹੌਸਲਾ ਅਫ਼ਜ਼ਾਈ ਅਤੇ ਸਹਿਯੋਗ ਬੱਚਿਆਂ ਨੂੰ ਕਾਮਯਾਬ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਪਰਿਨਾਜ਼ ਨੇ ਕਿਹਾ ਕਿ ਖਿਡਾਰੀਆਂ ਦੇ ਸਨਮਾਨ ਦੇ ਨਾਲ-ਨਾਲ ਉਨ੍ਹਾਂ ਨੂੰ ਵਿੱਤੀ ਸਹਾਇਤਾ, ਬਿਹਤਰ ਸਿਖਲਾਈ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਦੀ ਤਿਆਰੀ ਲਈ ਲੋੜੀਂਦੀਆਂ ਸਹੂਲਤਾਂ ਦੇਣਾ ਵੀ ਜ਼ਰੂਰੀ ਹੈ, ਤਾਂ ਜੋ ਪੰਜਾਬ ਦੇ ਹੋਰ ਖਿਡਾਰੀ ਵੀ ਦੇਸ਼ ਲਈ ਤਮਗੇ ਜਿੱਤ ਸਕਣ।