ਪੰਜਾਬ ਮੋਗਾ ਪੁਲਿਸ ਵੱਲੋਂ ਗੁੰਮ ਹੋਏ ਮੋਬਾਈਲ ਫੋਨ ਬਰਾਮਦ/ ਅਸਲ ਵਾਰਿਸਾਂ ਹਵਾਲੇ ਕੀਤੇ 300 ਮੋਬਾਇਲ ਫੋਨ/ ਇਕ ਕਰੋੜ ਦੇ ਕਰੀਬ ਦੱਸੀ ਜਾ ਰਹੀ ਕੀਮਤ By admin - October 10, 2026 0 1 Facebook Twitter Pinterest WhatsApp ਮੋਗਾ ਪੁਲਿਸ ਨੇ ਗੁੰਮ ਹੋਏ ਮੋਬਾਈਲ ਫੋਨਾਂ ਦੀ ਭਾਲ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਵੱਲੋਂ ਤਕਨੀਕੀ ਸਾਧਨਾਂ ਦੀ ਮਦਦ ਨਾਲ 300 ਗੁੰਮ ਹੋਏ ਮੋਬਾਈਲ ਫੋਨ ਟਰੇਸ ਕਰਕੇ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੀ ਅਨੁਮਾਨਿਤ ਕੀਮਤ ਕਰੀਬ ਇੱਕ ਕਰੋੜ ਰੁਪਏ ਦੱਸੀ ਜਾ ਰਹੀ ਹੈ। ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ 1 ਜੂਨ 2026 ਤੋਂ ਹੁਣ ਤੱਕ ਪੁਲਿਸ ਵੱਲੋਂ ਇਹ 300 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਇਨ੍ਹਾਂ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਲਾਵਾ ਪੰਜਾਬ ਤੋਂ ਬਾਹਰਲੇ ਇਲਾਕਿਆਂ ਵਿੱਚੋਂ ਵੀ ਟਰੇਸ ਕੀਤਾ ਗਿਆ ਹੈ। ਪੁਲਿਸ ਵੱਲੋਂ ਮੋਬਾਈਲ ਫੋਨਾਂ ਦੀ ਮਾਲਕੀ ਦੀ ਪੁਸ਼ਟੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਸਲ ਮਾਲਕਾਂ ਦੇ ਹਵਾਲੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਵੱਲੋਂ ਆਪਣੇ ਗੁੰਮ ਹੋਏ ਮੋਬਾਈਲ ਫੋਨਾਂ ਸਬੰਧੀ ਸੀਈਆਈਆਰ (CEIR) ਪੋਰਟਲ ’ਤੇ ਆਨਲਾਈਨ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ। ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ’ਤੇ ਪੁਲਿਸ ਨੇ ਤਕਨੀਕੀ ਜਾਂਚ ਕਰਦਿਆਂ ਮੋਬਾਈਲ ਫੋਨਾਂ ਨੂੰ ਟਰੇਸ ਕਰਕੇ ਬਰਾਮਦ ਕੀਤਾ। ਮੋਬਾਈਲ ਫੋਨ ਵਾਪਸ ਮਿਲਣ ’ਤੇ ਲੋਕਾਂ ਵੱਲੋਂ ਮੋਗਾ ਪੁਲਿਸ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਐੱਸਐੱਸਪੀ ਨੇ ਕਿਹਾ ਕਿ ਗੁੰਮ ਹੋਏ ਮੋਬਾਈਲ ਫੋਨਾਂ ਦੀ ਟਰੇਸਿੰਗ ਅਤੇ ਬਰਾਮਦਗੀ ਲਈ ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ, ਤਾਂ ਜੋ ਲੋਕਾਂ ਦੀ ਗੁੰਮ ਹੋਈ ਜਾਇਦਾਦ ਉਨ੍ਹਾਂ ਤੱਕ ਵਾਪਸ ਪਹੁੰਚਾਈ ਜਾ ਸਕੇ। ਮੋਗਾ ਪੁਲਿਸ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਦਾ ਮੋਬਾਈਲ ਫੋਨ ਗੁੰਮ ਜਾਂ ਚੋਰੀ ਹੋ ਜਾਂਦਾ ਹੈ ਤਾਂ ਤੁਰੰਤ ਸੀਈਆਈਆਰ ਪੋਰਟਲ ’ਤੇ ਸ਼ਿਕਾਇਤ ਦਰਜ ਕਰਵਾਈ ਜਾਵੇ। ਮੋਬਾਈਲ ਫੋਨ ਖਰੀਦਣ ਸਮੇਂ ਉਸ ਦੀ ਮਾਲਕੀ ਅਤੇ ਜ਼ਰੂਰੀ ਦਸਤਾਵੇਜ਼ਾਂ ਦੀ ਜਾਂਚ ਜ਼ਰੂਰ ਕੀਤੀ ਜਾਵੇ ਅਤੇ ਬਿਨਾਂ ਦਸਤਾਵੇਜ਼ਾਂ ਦੇ ਕਿਸੇ ਅਣਜਾਣ ਜਾਂ ਸ਼ੱਕੀ ਵਿਅਕਤੀ ਤੋਂ ਮੋਬਾਈਲ ਫੋਨ ਨਾ ਖਰੀਦਿਆ ਜਾਵੇ। ਇਸ ਤੋਂ ਇਲਾਵਾ ਲੋਕਾਂ ਨੂੰ ਆਪਣੇ ਮੋਬਾਈਲ ਫੋਨਾਂ ਵਿੱਚ ਸਕਿਉਰਿਟੀ ਲੌਕ ਦੀ ਵਰਤੋਂ ਕਰਨ ਅਤੇ ਕਿਸੇ ਵੀ ਅਣਜਾਣ ਵਿਅਕਤੀ ਨਾਲ ਓਟੀਪੀ ਸਾਂਝਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਜੇਕਰ ਕਿਸੇ ਨੂੰ ਕੋਈ ਲਾਵਾਰਿਸ ਜਾਂ ਮਿਲਿਆ ਹੋਇਆ ਮੋਬਾਈਲ ਫੋਨ ਮਿਲਦਾ ਹੈ ਤਾਂ ਉਸ ਨੂੰ ਨੇੜਲੇ ਪੁਲਿਸ ਸਟੇਸ਼ਨ ਵਿੱਚ ਜਮ੍ਹਾਂ ਕਰਵਾਇਆ ਜਾਵੇ, ਤਾਂ ਜੋ ਉਸ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ। ਮੋਗਾ ਪੁਲਿਸ ਵੱਲੋਂ ਸੀਈਆਈਆਰ ਪੋਰਟਲ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ, ਤਾਂ ਜੋ ਗੁੰਮ ਹੋਏ ਮੋਬਾਈਲ ਫੋਨਾਂ ਨੂੰ ਟਰੇਸ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਤੱਕ ਵਾਪਸ ਪਹੁੰਚਾਇਆ ਜਾ ਸਕੇ।