ਸਰਹਿੰਦ ਪੁਲਿਸ ਦੀ ਨਸ਼ਿਆਂ ਖਿਲਾਫ ਵੱਡੀ ਕਾਰਵਾਈ/ 52 ਕਿੱਲੋ ਪੋਸਤ ਸਮੇਤ ਔਰਤ ਗ੍ਰਿਫਤਾਰ/ ਪੁਲਿਸ ਵੱਲੋਂ ਫਰਾਰ ਪਤੀ ਦੀ ਭਾਲ ਜਾਰੀ

0
1

ਸਰਹਿੰਦ ਪੁਲਿਸ ਨੇ ਪਿੰਡ ਤਰਖਾਣ ਮਾਜਰਾ ਨੇੜੇ ਕਾਰਵਾਈ ਕਰਦਿਆਂ 52 ਕਿਲੋ ਪੋਸਤ ਸਮੇਤ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਔਰਤ ਦੀ ਪਛਾਣ ਪਿੰਕੀ ਵਜੋਂ ਹੋਈ ਹੈ। ਪੁਲਿਸ ਦੀ ਮੁਢਲੀ ਜਾਂਚ ਮੁਤਾਬਕ ਔਰਤ ਦਾ ਪਤੀ ਕੁਲਦੀਪ ਸਿੰਘ ਵੀ ਪੋਸਤ ਵੇਚਣ ਦੇ ਧੰਦੇ ਵਿੱਚ ਸ਼ਾਮਲ ਸੀ। ਪੁਲਿਸ ਨੇ ਕੁਲਦੀਪ ਸਿੰਘ ਨੂੰ ਮਾਮਲੇ ਵਿੱਚ ਨਾਮਜ਼ਦ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਦੋਵਾਂ ਦੇ ਪੁਰਾਣੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਰਹਿੰਦ ਦੇ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਵੱਖ-ਵੱਖ ਪਿੰਡਾਂ ਤੇ ਵਾਰਡਾਂ ਵਿੱਚ ਪੁਲਿਸ ਵੱਲੋਂ ਲਗਾਏ ਜਾ ਰਹੇ ਜਾਗਰੂਕਤਾ ਕੈਂਪਾਂ ਦੇ ਦੌਰਾਨ ਪੁਲਿਸ ਨੂੰ ਮਿਲੀ ਗੁਪਤ ਜਾਣਕਾਰੀ ਦੇ ਆਧਾਰ ‘ਤੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਉਹਨਾਂ ਦੱਸਿਆ ਕਿ ਥਾਣਾ ਸਰਹਿੰਦ ਵਿਖੇ ਤੈਨਾਤ ਸਬ ਇੰਸਪੈਕਟਰ ਜਸਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਗਸ਼ਤ ‘ਤੇ ਸੀ।
ਸਰਹਿੰਦ ਤੋਂ ਮੰਡੀ ਗੋਬਿੰਦਗੜ੍ਹ ਵੱਲ ਜਾਂਦੀ ਸਰਵਿਸ ਰੋਡ ‘ਤੇ ਪਿੰਡ ਤਰਖਾਣ ਮਾਜਰਾ ਕੋਲ ਇੱਕ ਔਰਤ ਦੋ ਥੈਲੀਆਂ ਉੱਪਰ ਬੈਠੀ ਹੋਈ ਸੀ। ਪੁਲਿਸ ਪਾਰਟੀ ਨੂੰ ਦੇਖ ਕੇ ਔਰਤ ਖੇਤਾਂ ਵੱਲ ਭੱਜਣ ਲੱਗੀ। ਸ਼ੱਕ ਪੈਣ ‘ਤੇ ਪੁਲਿਸ ਟੀਮ ਨੇ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਉਸ ਨੂੰ ਕਾਬੂ ਕਰ ਲਿਆ। ਤਲਾਸ਼ੀ ਲੈਣ ‘ਤੇ ਦੋਵਾਂ ਥੈਲੀਆਂ ਵਿੱਚੋਂ ਲਗਭਗ 52 ਕਿੱਲੋ ਪੋਸਤ ਬਰਾਮਦ ਹੋਈ। ਪੁਲਿਸ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬਰਾਮਦ ਕੀਤਾ ਗਿਆ ਪੋਸਤ ਉਸ ਦਾ ਪਤੀ ਕੁਲਦੀਪ ਸਿੰਘ ਲਿਆਉਂਦਾ ਸੀ। ਇਹ ਦੋਵੇਂ ਪਤੀ-ਪਤਨੀ ਮਿਲ ਕੇ ਪੋਸਤ ਵੇਚਣ ਦਾ ਧੰਦਾ ਕਰਦੇ ਸਨ। ਪੁਲਿਸ ਨੇ ਪਿੰਕੀ ਦੇ ਪਤੀ ਕੁਲਦੀਪ ਸਿੰਘ ਨੂੰ ਵੀ ਮੁਕੱਦਮੇ ਵਿੱਚ ਨਾਮਜ਼ਦ ਕਰ ਲਿਆ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਦੋਵਾਂ ਦੇ ਪੁਰਾਣੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here