ਖੰਨਾ ’ਚ ਦਿਨ-ਦਿਹਾੜੇ ਵੱਡੀ ਲੁੱਟ/ ਆੜ੍ਹਤੀ ਤੋਂ 15 ਲੱਖ ਤੇ ਕਾਰ ਖੋਹ ਕੇ ਫਰਾਰ/ ਪੁਲਿਸ ਨੇ ਇੱਕ ਘੰਟੇ ਅੰਦਰ ਕਾਬੂ ਕੀਤੇ ਲੁਟੇਰੇ

0
1

ਖੰਨਾ ਵਿੱਚ ਦਿਨ-ਦਿਹਾੜੇ ਹਥਿਆਰਾਂ ਦੇ ਦਮ ’ਤੇ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਨਿਹੰਗ ਬਾਣੇ ਵਿੱਚ ਆਏ ਦੋ ਲੁਟੇਰਿਆਂ ਨੇ ਆੜ੍ਹਤੀ ਕਰਨ ਬਾਂਡਾ ਤੋਂ 15 ਲੱਖ ਰੁਪਏ ਦੀ ਨਕਦੀ ਅਤੇ ਕਾਰ ਲੁੱਟ ਕੇ ਫਰਾਰ ਹੋ ਗਏ  । ਪੀੜਤ ਨੇ ਇਸ ਦੀ ਜਾਣਕਾਰੀ ਤੁਰੰਤ ਸਥਾਨਕ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਹਰਕਤ ਵਿਚ ਆਈ ਖੰਨਾ ਪੁਲਿਸ ਨੇ ਕਰੀਬ ਇੱਕ ਘੰਟੇ ਦੇ ਅੰਦਰ ਹੀ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਮੁਲਜਮਾਂ ਨੂੰ ਖੋਹ ਕੀਤੀ ਨਕਦੀ ਤੇ ਕਾਰ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਆੜ੍ਹਤੀ ਕਰਨ ਬਾਂਡਾ ਦੁਪਹਿਰ ਕਰੀਬ 12:30 ਵਜੇ ਆਪਣੇ ਡਰਾਈਵਰ ਸੁੱਖੀ ਨਾਲ ਵੈਨਿਊ ਕਾਰ ਵਿੱਚ ਅਮਲੋਹ ਚੌਕ ਸਥਿਤ ਐੱਸਬੀਆਈ ਬੈਂਕ ਪਹੁੰਚੇ ਸਨ। ਬੈਂਕ ਵਿੱਚੋਂ 15 ਲੱਖ ਰੁਪਏ ਕਢਵਾਉਣ ਤੋਂ ਬਾਅਦ ਉਨ੍ਹਾਂ ਨੇ ਨਕਦੀ ਕਾਰ ਵਿੱਚ ਰੱਖ ਦਿੱਤੀ ਅਤੇ ਪਿਛਲੀ ਸੀਟ ’ਤੇ ਬੈਠ ਗਏ। ਇਸ ਦੌਰਾਨ ਡਰਾਈਵਰ ਸਾਮਾਨ ਲੈਣ ਲਈ ਕਾਰ ਤੋਂ ਬਾਹਰ ਗਿਆ ਤਾਂ ਨਿਹੰਗ ਪਹਿਰਾਵੇ ਵਿੱਚ ਦੋ ਨੌਜਵਾਨ ਉੱਥੇ ਪਹੁੰਚ ਗਏ।
ਇੱਕ ਮੁਲਜ਼ਮ ਡਰਾਈਵਰ ਸੀਟ ’ਤੇ ਬੈਠ ਗਿਆ, ਜਦਕਿ ਦੂਜਾ ਪਿਛਲੀ ਸੀਟ ’ਤੇ ਬੈਠ ਕੇ ਕਰਨ ਬਾਂਡਾ ’ਤੇ ਦੇਸੀ ਕੱਟਾ ਤਾਣ ਦਿੱਤਾ। ਜਾਨ ਬਚਾਉਣ ਲਈ ਕਰਨ ਬਾਂਡਾ ਕਾਰ ਵਿੱਚੋਂ ਬਾਹਰ ਨਿਕਲ ਗਏ ਅਤੇ ਮੁਲਜ਼ਮ ਨਕਦੀ ਤੇ ਕਾਰ ਲੈ ਕੇ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਉਨ੍ਹਾਂ ਕੋਲੋਂ ਲੁੱਟੀ ਗਈ 15 ਲੱਖ ਰੁਪਏ ਦੀ ਨਕਦੀ, ਕਾਰ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਦੇਸੀ ਕੱਟਾ ਬਰਾਮਦ ਕੀਤਾ ਹੈ। ਮਾਮਲੇ ਸਬੰਧੀ ਪੁਲਿਸ ਵੱਲੋਂ ਅਗਲੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here