ਅੰਮ੍ਰਿਤਸਰ ’ਚ ਅਕਾਲੀ ਦਲ ਅੰਮ੍ਰਿਤਸਰ ਦਾ ਪ੍ਰਦਰਸ਼ਨ/ ਅਮਰੀਕੀ ਰਾਜਦੂਤ ਸਰਜੀਓ ਗੋਰ ਨੂੰ ਦਿਖਾਏ ਖਾਲਿਸਤਾਨੀ ਝੰਡੇ/ ਇਮਾਨ ਸਿੰਘ ਮਾਨ ਨੇ ਅਮਰੀਕਾ ਸਾਹਮਣੇ ਰੱਖੀਆਂ ਮੰਗਾਂ

0
1

 

ਅਮਰੀਕਾ ਦੇ ਭਾਰਤ ਵਿੱਚ ਰਾਜਦੂਤ ਸਰਜੀਓ ਗੋਰ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਉਨ੍ਹਾਂ ਦੀ ਫੇਰੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਖਾਲਿਸਤਾਨ ਦੇ ਝੰਡੇ ਦਿਖਾਏ ਗਏ। ਪਾਰਟੀ ਆਗੂ ਇਮਾਨ ਸਿੰਘ ਮਾਨ ਨੇ ਅਮਰੀਕੀ ਰਾਜਦੂਤ ਨੂੰ ਸਿੱਖ ਮੁੱਦਿਆਂ ਸਬੰਧੀ ਇੱਕ ਮੈਮੋਰੈਂਡਮ ਦੇਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਸਿੱਖਾਂ ਦੀ ਧਾਰਮਿਕ ਆਜ਼ਾਦੀ ਅਤੇ ਹੋਰ ਮੁੱਦਿਆਂ ’ਤੇ ਆਵਾਜ਼ ਉਠਾਈ ਗਈ ਹੈ। ਉਨ੍ਹਾਂ ਨੇ ਅਮਰੀਕੀ ਨਿਆਂ ਵਿਭਾਗ ਵੱਲੋਂ ਗੁਰਪਤਵੰਤ ਸਿੰਘ ਪੰਨੂ ਨਾਲ ਜੁੜੇ ਕਥਿਤ ਕਤਲ ਦੀ ਸਾਜ਼ਿਸ਼ ਦੇ ਮਾਮਲੇ ਦਾ ਵੀ ਜ਼ਿਕਰ ਕੀਤਾ। ਮਾਨ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਘਟਾਉਣ ਅਤੇ ਸਰਹੱਦੀ ਖੇਤਰ ਵਿੱਚ ਅਮਨ ਬਣਾਈ ਰੱਖਣ ਦਾ ਮੁੱਦਾ ਵੀ ਸ਼ਾਮਲ ਹੈ।
ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨੋਬਲ ਪੀਸ ਪ੍ਰਾਈਜ਼ ਦੇਣ ਦੀ ਸਿਫਾਰਸ਼ ਕਰਨ ਦੀ ਗੱਲ ਕਹੀ। ਉਨ੍ਹਾਂ ਦੇ ਬਿਆਨ ਮੁਤਾਬਕ, ਦੋਵੇਂ ਦੇਸ਼ ਪ੍ਰਮਾਣੂ ਤਾਕਤਾਂ ਹੋਣ ਕਾਰਨ ਜੰਗ ਦੀ ਸਥਿਤੀ ਪੰਜਾਬ ਲਈ ਗੰਭੀਰ ਖ਼ਤਰਾ ਬਣ ਸਕਦੀ ਹੈ। ਭਾਰਤ ਸਰਕਾਰ ਦੇ ਅਧਿਕਾਰਤ ਰਿਕਾਰਡ ਮੁਤਾਬਕ, ਮਈ 2025 ਵਿੱਚ ਆਪਰੇਸ਼ਨ ਸਿੰਧੂਰ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਫੌਜੀ ਕਾਰਵਾਈ ਰੋਕਣ ਲਈ ਸਹਿਮਤੀ ਬਣੀ ਸੀ। ਭਾਰਤ ਸਰਕਾਰ ਦਾ ਕਹਿਣਾ ਹੈ ਕਿ ਇਹ ਗੱਲਬਾਤ ਦੋਵਾਂ ਦੇਸ਼ਾਂ ਵਿਚਾਲੇ ਸਿੱਧੇ ਫੌਜੀ ਚੈਨਲ ਰਾਹੀਂ ਹੋਈ।
ਇਮਾਨ ਸਿੰਘ ਮਾਨ ਨੇ ਇੰਡਸ ਵਾਟਰ ਟ੍ਰੀਟੀ ਨੂੰ ਮੁੜ ਲਾਗੂ ਕਰਨ ਦੀ ਮੰਗ ਰੱਖੀ। ਇਸ ਤੋਂ ਇਲਾਵਾ TAPI ਗੈਸ ਪਾਈਪਲਾਈਨ ਨੂੰ ਮੁੜ ਸਰਗਰਮ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੀ ਆਰਥਿਕਤਾ ਅਤੇ ਰੁਜ਼ਗਾਰ ਨੂੰ ਲਾਭ ਮਿਲ ਸਕਦਾ ਹੈ। ਉਨ੍ਹਾਂ ਨੇ SGPC ਦੀਆਂ ਚੋਣਾਂ ਕਰਵਾਉਣ, ਸਿੱਖ ਧਾਰਮਿਕ ਆਜ਼ਾਦੀ, ਬੰਦੀ ਸਿੰਘਾਂ ਦੀ ਰਿਹਾਈ ਅਤੇ ਸਿੱਖਾਂ ਨਾਲ ਸਬੰਧਤ ਹੋਰ ਮੁੱਦੇ ਵੀ ਅਮਰੀਕੀ ਰਾਜਦੂਤ ਸਾਹਮਣੇ ਰੱਖਣ ਦੀ ਗੱਲ ਕਹੀ। ਅੰਤ ਵਿੱਚ ਇਮਾਨ ਸਿੰਘ ਮਾਨ ਨੇ ਸੰਯੁਕਤ ਰਾਸ਼ਟਰ ਦੇ ਸਵੈ-ਨਿਰਣੇ ਦੇ ਸਿਧਾਂਤ ਦਾ ਹਵਾਲਾ ਦਿੰਦਿਆਂ ਸਿੱਖਾਂ ਲਈ ਆਜ਼ਾਦ ਦੇਸ਼ ਦੀ ਮੰਗ ਵੀ ਦੁਹਰਾਈ।

LEAVE A REPLY

Please enter your comment!
Please enter your name here