ਰਵਨੀਤ ਬਿੱਟੂ ਮੁੱਖ ਮੰਤਰੀ ਮਾਨ ਵੱਲ ਨਿਸ਼ਾਨਾ/ ਧੂਰੀ ਦੇ ਲੋਕਾਂ ਦਾ ਮੁੱਖ ਮੰਤਰੀ ਤੋਂ ਤੰਗ ਹੋਣ ਦਾ ਦਾਅਵਾ/ ਕਿਹਾ, ਹਲਕਾ ਛੱਡ ਕੇ ਭੱਜ ਜਾਣਗੇ ਸੀਐਮ ਮਾਨ

0
2

ਪੰਜਾਬ ਦੀ ਸਿਆਸਤ ਵਿੱਚ ਬਿਆਨਬਾਜ਼ੀ ਦਾ ਦੌਰ ਲਗਾਤਾਰ ਜਾਰੀ ਹੈ। ਇਸੇ ਤਹਿਤ ਭਾਜਪਾ ਆਗੂ ਰਵਨੀਤ ਬਿੱਟੂ ਨੇ ਮੁੱਖ ਮੰਤਰੀ ਮਾਨ ‘ਤੇ ਤਿੱਖਾ ਸਿਆਸੀ ਹਮਲਾ ਬੋਲਿਆ ਹੈ। ਧੂਰੀ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਬਿੱਟੂ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਦੇ ਆਪਣੇ ਵਿਧਾਨ ਸਭਾ ਹਲਕੇ ਧੂਰੀ ਦੇ ਲੋਕ ਬੁਰੀ ਤਰ੍ਹਾਂ ਦੁਖੀ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਆਉਣ ਵਾਲੇ ਸਮੇਂ ਵਿੱਚ ਧੂਰੀ ਹਲਕਾ ਛੱਡ ਕੇ ਭੱਜ ਜਾਣਗੇ, ਹੁਣ ਇਹ ਦੇਖਣਾ ਹੋਵੇਗਾ ਕਿ ਉਹ ਦਿੱਲੀ ਜਾਂਦੇ ਹਨ ਜਾਂ ਆਸਟ੍ਰੇਲੀਆ।
 ਧੂਰੀ ਹਲਕੇ ਵਿੱਚ ਆਪਣੀ ਯਾਤਰਾ ਨੂੰ ਮਿਲੇ ਭਰਵੇਂ ਹੁੰਗਾਰੇ ਦਾ ਜ਼ਿਕਰ ਬਿੱਟੂ ਨੇ ਕਿਹਾ ਕਿ  ਜਿੱਥੇ ਮੁੱਖ ਮੰਤਰੀ ਦਾ ਆਪਣਾ ਘਰ ਹੋਵੇ, ਉੱਥੇ ਪਿੰਡ-ਪਿੰਡ ਲੋਕਾਂ ਵੱਲੋਂ ਸਰਕਾਰ ਦਾ ਸਾਥ ਛੱਡਿਆ ਜਾ ਰਿਹਾ ਹੈ। ਬਿੱਟੂ ਮੁਤਾਬਕ, ਧੂਰੀ ਵਿੱਚ ਨਾ ਕੋਈ ਵੱਡਾ ਹਸਪਤਾਲ ਬਣਿਆ ਹੈ, ਨਾ ਸਟੇਡੀਅਮ ਅਤੇ ਨਾ ਹੀ ਆਈ.ਆਈ.ਟੀ. ਵਰਗਾ ਕੋਈ ਵੱਡਾ ਵਿਦਿਅਕ ਅਦਾਰਾ ਲਿਆਂਦਾ ਗਿਆ ਹੈ। ਉਹਨਾਂ ਸਵਾਲ ਚੁੱਕਿਆ ਕਿ ਜੇਕਰ ਧੂਰੀ ਦਾ ਇਹ ਹਾਲ ਹੈ, ਤਾਂ ਬਾਕੀ ਪੰਜਾਬ ਦਾ ਕੀ ਬਣੇਗਾ।
ਰੇਲਵੇ ਪੁਲ ਦੇ ਮੁੱਦੇ ‘ਤੇ ਬੋਲਦਿਆਂ ਬਿੱਟੂ ਨੇ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਅਜੇ ਤੱਕ ਇਸ ਪ੍ਰੋਜੈਕਟ ਦਾ ਨਾ ਕੋਈ ਨੀਂਹ ਪੱਥਰ ਰੱਖਿਆ ਗਿਆ ਹੈ, ਨਾ ਟੈਂਡਰ ਹੋਇਆ ਹੈ ਅਤੇ ਨਾ ਹੀ ਡਰਾਇੰਗ ਬਣ ਸਕੀ ਹੈ। ਮੁੱਖ ਮੰਤਰੀ ਵੱਲੋਂ ਕਦੇ ‘ਕੋਕਾ ਕੋਲਾ ਦੀ ਮਸ਼ੀਨ’ ਲਵਾਉਣ ਵਾਲੇ ਦਿੱਤੇ ਤਾਹਨੇ ਦਾ ਜਵਾਬ ਦਿੰਦਿਆਂ ਬਿੱਟੂ ਨੇ ਕਿਹਾ ਕਿ ਉਹਨਾਂ ਨੇ ਤਾਂ ਪੁਲ ਅਤੇ ਲਾਈਨਾਂ ਬਣਾ ਕੇ ਦਿਖਾ ਦਿੱਤੀਆਂ ਹਨ, ਪਰ ਭਗਵੰਤ ਮਾਨ ਨੇ ਆਪਣੀ ਸਾਰੀ ਤਾਕਤ ਅਰਵਿੰਦ ਕੇਜਰੀਵਾਲ ਨੂੰ ਸੌਂਪ ਦਿੱਤੀ ਹੈ। ਇਸਦੇ ਨਾਲ ਹੀ ਬਿੱਟੂ ਨੇ ਮਾਨ ਨੂੰ ਸਿਰਫ਼ ਕਾਗਜ਼ਾਂ ਦਾ ਮੁੱਖ ਮੰਤਰੀ’ ਕਰਾਰ ਦਿੱਤਾ।
ਇਲਾਕੇ ਵਿੱਚ ਰੇਲ ਗੱਡੀਆਂ ਦੇ ਠਹਿਰਾਅ ਬਾਰੇ ਸਪੱਸ਼ਟ ਕਰਦਿਆਂ ਬਿੱਟੂ ਨੇ ਭਰੋਸਾ ਦਿਵਾਇਆ ਕਿ ਟਰੇਨਾਂ 100 ਫੀਸਦੀ ਰੁਕਣਗੀਆਂ ਅਤੇ ਚੋਣਾਂ ਤੋਂ ਪਹਿਲਾਂ ਪੂਰੇ ਪੰਜਾਬ ਵਿੱਚ ਟਰੇਨਾਂ ਰੁਕਣ ਦਾ ਬਕਾਇਦਾ ਟਾਈਮ-ਟੇਬਲ ਬਣ ਰਿਹਾ ਹੈ। ਉਹਨਾਂ ਕਿਹਾ ਕਿ ਉਹ ਕੁਝ ਮਹੀਨੇ ਪਹਿਲਾਂ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਮਿਲੇ ਸਨ ਅਤੇ ਉਹਨਾਂ ਨਾਲ ਕੀਤੇ ਆਪਣੇ ਹਰ ਵਾਅਦੇ ਤੇ ਪੂਰੀ ਤਰ੍ਹਾਂ ਕਾਇਮ ਹਨ।

LEAVE A REPLY

Please enter your comment!
Please enter your name here