ਮੋਗਾ ’ਚ ਕੁੱਟਮਾਰ ਦਾ ਸ਼ਿਕਾਰ ਨੌਜਵਾਨ ਦੀ ਮੌਤ/ ਚਾਰ ਮਹੀਨੇ ਪਹਿਲਾਂ ਹੋਏ ਵਿਵਾਦ ਦਾ ਖੂਨੀ ਅੰਤ/ ਹਸਪਤਾਲ ’ਚ ਇਲਾਜ ਦੌਰਾਨ ਤੋੜਿਆ ਦਮ

0
1

ਮੋਗਾ ਵਿਚ ਚਾਰ ਮਹੀਨੇ ਪਹਿਲਾਂ ਹੋਏ ਮਾਮੂਲੀ ਵਿਵਾਦ ਦੇ ਚਲਦਿਆਂ ਇਕ ਨੌਜਵਾਨ ਦਾ ਕਤਲ ਹੋ ਗਿਆ। ਮ੍ਰਿਤਕ ਦੀ ਪਛਾਣ 23 ਸਾਲਾ ਅਰਸ਼ਦੀਪ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਅਰਸ਼ਦੀਪ ਦਾ 4 ਮਹੀਨੇ ਪਹਿਲੇ ਇਕ ਸਖਸ਼ ਨਾਲ ਮਾਮੂਲੀ ਤਕਰਾਰ ਹੋਇਆ ਸੀ, ਜਿਸ ਦੀ ਰੰਜ਼ਿਸ਼ ਨੂੰ ਲੈ ਕੇ ਉਕਤ ਸਖਸ਼ ਦੇ ਪੁੱਤਰ ਨੇ ਅਰਸ਼ਦੀਪ ’ਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਅਰਸ਼ਦੀਪ ਸਿੰਘ ਦੇ ਚਾਚਾ ਹਰਦੀਪ ਸਿੰਘ ਅਤੇ ਮਾਮਲੇ ਦੇ ਜਾਂਚ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੀਬ ਚਾਰ ਮਹੀਨੇ ਪਹਿਲਾਂ ਅਰਸ਼ਦੀਪ ਸਿੰਘ ਦਾ ਪਿੰਡ ਦੇ ਹੀ ਇੱਕ ਵਿਅਕਤੀ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸੇ ਵਿਵਾਦ ਦੀ ਰੰਜਿਸ਼ ਨੂੰ ਲੈ ਕੇ ਉਕਤ ਵਿਅਕਤੀ ਦੇ ਪੁੱਤਰ ਗਗਨਦੀਪ ਸਿੰਘ ਨੇ 19 ਸਤੰਬਰ ਨੂੰ ਅਰਸ਼ਦੀਪ ਸਿੰਘ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ। ਕੁੱਟਮਾਰ ਦੌਰਾਨ ਅਰਸ਼ਦੀਪ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਤੁਰੰਤ ਮੋਗਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ। ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਅਗਲੇ ਇਲਾਜ ਲਈ ਦੂਜੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਉੱਥੇ ਉਸ ਦਾ ਇਲਾਜ ਚੱਲ ਰਿਹਾ ਸੀ ਪਰ ਅੱਜ ਉਸ ਦੀ ਮੌਤ ਹੋ ਗਈ।
ਥਾਣਾ ਬਧਨੀ ਕਲਾਂ ਦੇ ਜਾਚ ਅਧਿਕਾਰੀ ਪ੍ਰੀਤਮ ਸਿੰਘ ਨੇ ਦੱਸਿਆ ਕਿ 22 ਸਾਲਾ ਅਰਸ਼ਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਬਧਨੀ ਕਲਾਂ ਦਾ ਪਿਛਲੇ ਦਿਨੀਂ ਪਿੰਡ ਦੇ ਹੀ ਰਹਿਣ ਵਾਲੇ ਡੋਂਗਰ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ। ਇਸ ਗੱਲ ਦੀ ਰੰਜਿਸ਼ ਡੋਂਗਰ ਸਿੰਘ ਦਾ ਪੁੱਤਰ ਗਗਨਦੀਪ ਸਿੰਘ ਰੱਖਦਾ ਸੀ। ਪੁਲਿਸ ਅਨੁਸਾਰ 19 ਸਤੰਬਰ ਨੂੰ ਗਗਨਦੀਪ ਸਿੰਘ ਨੇ ਅਰਸ਼ਦੀਪ ਸਿੰਘ ਨੂੰ ਰਸਤੇ ਵਿੱਚ ਘੇਰ ਕੇ ਕੁੱਟਮਾਰ ਕੀਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਹਰਬੰਸ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਗਗਨਦੀਪ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here