ਅੰਮ੍ਰਿਤਸਰ ਪੁਲਿਸ ਦਾ ਸਖਤ ਫ਼ੈਸਲਾ/ ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟ ਨਹੀਂ ਮਿਲੇਗਾ ਪਟਰੌਲ/ ਬੋਤਲਾਂ ਰਾਹੀਂ ਪਟਰੋਲ ਵੇਚਣ ਤੇ ਲਾਈ ਪਾਬੰਦੀ

0
1

ਅੰਮ੍ਰਿਤਸਰ ਪੁਲਿਸ ਨੇ ਸ਼ਹਿਰ ਅੰਦਰ ਕਾਨੂੰਨ ਵਿਵਸਥਾ ਮਜ਼ਬੂਤ ਕਰਨ ਲਈ ਸਖ਼ਤ ਹੁਕਮ ਜਾਰੀ ਕੀਤਾ ਹੈ। ਪੁਲਿਸ ਨੇ ਬਿਨਾਂ ਹਾਈ ਸਕਿਓਰਟੀ ਨੰਬਰ ਪਲੇਟਾਂ ਵਾਲੇ ਵਾਹਨਾਂ ਨੂੰ ਪਟਰੋਲ ਦੇਣ ਦੇ ਪਾਬੰਦੀ ਲਗਾ ਦਿੱਤੀ ਹੈ। ਪੁਲਿਸ ਨੇ ਬੋਤਲਾਂ ਤੇ ਡੱਬਿਆਂ ਵਿਚ ਪਟਰੋਲ ਦੀ ਵਿਕਰੀ ਵੀ ਰੋਕ ਦਿੱਤੀ ਹੈ। ਪੁਲਿਸ ਨੇ ਇਹ ਕਦਮ ਲੁੱਟ-ਖੋਹ ਦੀਆਂ ਘਟਨਾਵਾਂ ਰੋਕਣ ਦੇ ਮਕਸਦ ਨਾਲ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀਪੀ ਸਥਾਨਕ ਆਕਰਸ਼ੀ ਜੈਨ ਨੇ ਕਿਹਾ ਕਿ ਸ਼ਹਿਰ ਦੀ ਹੱਦ ਅੰਦਰ ਇਹ ਦੇਖਣ ਵਿੱਚ ਆ ਰਿਹਾ ਸੀ ਕਿ ਕਈ ਵਾਹਨ ਬਿਨਾਂ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਨੰਬਰ ਪਲੇਟਾਂ ਤੋਂ ਜਾਂ ਫਿਰ ਟੁੱਟੀਆਂ ਅਤੇ ਬਦਲੀਆਂ ਹੋਈਆਂ ਨੰਬਰ ਪਲੇਟਾਂ ਲਗਾ ਕੇ ਸੜਕਾਂ ‘ਤੇ ਘੁੰਮ ਰਹੇ ਹਨ। ਅਜਿਹੇ ਵਾਹਨ ਜਿੱਥੇ ਮੋਟਰ ਵਹੀਕਲ ਐਕਟ ਦੀ ਖੁੱਲ੍ਹੀ ਉਲੰਘਣਾ ਕਰਦੇ ਹਨ, ਉੱਥੇ ਹੀ ਕਈ ਵਾਰ ਸਨੈਚਿੰਗ, ਹਾਦਸਿਆਂ ਅਤੇ ਹੋਰ ਸੰਗੀਨ ਜੁਰਮਾਂ ਵਿੱਚ ਵੀ ਵਰਤੇ ਜਾਂਦੇ ਹਨ, ਜਿਸ ਕਾਰਨ ਮੁਲਜ਼ਮਾਂ ਦੀ ਪਛਾਣ ਕਰਨ ਵਿੱਚ ਔਖ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਗੰਭੀਰ ਪਹਿਲੂਆਂ ਨੂੰ ਧਿਆਨ ਵਿੱਚ ਰੱਖਦਿਆਂ ਕਮਿਸ਼ਨਰ ਆਫ਼ ਪੁਲਿਸ ਅੰਮ੍ਰਿਤਸਰ ਵੱਲੋਂ ਮੈਜਿਸਟੀਰੀਅਲ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਅੰਡਰ ਸੈਕਸ਼ਨ 163 ਬੀਐਨਐਸਐਸ ਤਹਿਤ ਨਵੇਂ ਹੁਕਮ ਲਾਗੂ ਕੀਤੇ ਗਏ ਹਨ। ਇਸ ਆਦੇਸ਼ ਅਨੁਸਾਰ ਸ਼ਹਿਰ ਦੇ ਸਾਰੇ ਪੈਟਰੋਲ ਪੰਪਾਂ ਨੂੰ ਇਹ ਸਖ਼ਤ ਹਦਾਇਤ ਦਿੱਤੀ ਗਈ ਹੈ ਕਿ ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟ, ਨੁਕਸਾਨੀ ਜਾਂ ਤੋੜ-ਮਰੋੜ ਕੇ ਲਗਾਈ ਗਈ ਨੰਬਰ ਪਲੇਟ ਵਾਲੇ ਕਿਸੇ ਵੀ ਵਾਹਨ ਨੂੰ ਪੈਟਰੋਲ, ਡੀਜ਼ਲ ਜਾਂ ਸੀਐਨਜੀ ਨਾ ਦਿੱਤੀ ਜਾਵੇ।
ਇਹ ਹੁਕਮ ਦੋ-ਪਹੀਆ, ਤਿੰਨ-ਪਹੀਆ, ਚਾਰ-ਪਹੀਆ ਅਤੇ ਵਪਾਰਕ (ਕਮਰਸ਼ੀਅਲ) ਵਾਹਨਾਂ ‘ਤੇ ਬਰਾਬਰ ਲਾਗੂ ਹੋਵੇਗਾ। ਹਾਲਾਂਕਿ, ਐਂਬੂਲੈਂਸ ਵਰਗੇ ਐਮਰਜੈਂਸੀ ਵਾਹਨਾਂ ਅਤੇ ਆਰਜ਼ੀ ਰਜਿਸਟ੍ਰੇਸ਼ਨ ਨੰਬਰ ਵਾਲੇ ਵਾਹਨਾਂ ਨੂੰ ਇਸ ਨਿਯਮ ਤੋਂ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਪਲਾਸਟਿਕ ਜਾਂ ਕੱਚ ਦੀਆਂ ਬੋਤਲਾਂ ਅਤੇ ਡੱਬਿਆਂ ਵਿੱਚ ਖੁੱਲ੍ਹਾ ਪੈਟਰੋਲ ਦੇਣ ‘ਤੇ ਵੀ ਪੂਰਨ ਪਾਬੰਦੀ ਲਗਾਈ ਗਈ ਹੈ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਦੰਡਨੀਯ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਪੁਲਿਸ ਪ੍ਰਸ਼ਾਸਨ ਦੇ ਇਸ ਕਦਮ ‘ਤੇ ਪੈਟਰੋਲ ਪੰਪ ਮੈਨੇਜਰਾਂ ਨੇ ਪੂਰਾ ਸਮਰਥਨ ਜਤਾਇਆ ਹੈ। ਪੈਟਰੋਲ ਪੰਪ ਮੈਨੇਜਰ ਰੂਪ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਕਮਿਸ਼ਨਰ ਸਾਹਿਬ ਦੇ ਆਦੇਸ਼ਾਂ ਬਾਰੇ ਸੂਚਨਾ ਮਿਲ ਗਈ ਹੈ ਅਤੇ ਉਨ੍ਹਾਂ ਨੇ ਆਪਣੇ ਸਾਰੇ ਮੁਲਾਜ਼ਮਾਂ ਨੂੰ ਸਪੱਸ਼ਟ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਬਿਨਾਂ ਨੰਬਰ ਅਤੇ ਬਿਨਾਂ ਹਾਈ ਸਕਿਓਰਿਟੀ ਪਲੇਟ ਵਾਲੇ ਵਾਹਨਾਂ ਵਿੱਚ ਤੇਲ ਨਾ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਪ ‘ਤੇ ਜਾਗਰੂਕਤਾ ਲਈ ਬੋਰਡ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਆਪਣੇ ਵਾਹਨਾਂ ‘ਤੇ ਸਰਕਾਰੀ ਨਿਯਮਾਂ ਅਨੁਸਾਰ ਨੰਬਰ ਪਲੇਟਾਂ ਲਗਵਾਉਣ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਜੇਕਰ ਕੋਈ ਖੁੱਲ੍ਹਾ ਤੇਲ ਲੈਣ ਜਾਂ ਬਿਨਾਂ ਨੰਬਰ ਪਲੇਟ ਤੋਂ ਤੇਲ ਪੁਆਉਣ ਲਈ ਜ਼ਬਰਦਸਤੀ ਕਰੇਗਾ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਕੇ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ।
ਦੂਜੇ ਪਾਸੇ, ਆਮ ਸ਼ਹਿਰੀਆਂ ਅਤੇ ਗਾਹਕਾਂ ਨੇ ਵੀ ਇਸ ਫ਼ੈਸਲੇ ਨੂੰ ਸ਼ਹਿਰ ਦੀ ਸੁਰੱਖਿਆ ਲਈ ਸ਼ਲਾਘਾਯੋਗ ਦੱਸਿਆ ਹੈ। ਪੈਟਰੋਲ ਪੰਪ ‘ਤੇ ਮੌਜੂਦ ਗਾਹਕ ਮਨਪ੍ਰੀਤ ਸਿੰਘ ਨੇ ਕਿਹਾ ਕਿ ਪੁਲਿਸ ਦਾ ਇਹ ਕਦਮ ਬੇਹੱਦ ਵਧੀਆ ਹੈ। ਸ਼ਹਿਰ ਵਿੱਚ ਪੁਰਾਣੇ ਜਾਂ ਬਿਨਾਂ ਨੰਬਰ ਵਾਲੇ ਮੋਟਰਸਾਈਕਲਾਂ ਦੀ ਵਰਤੋਂ ਕਰਕੇ ਅਕਸਰ ਲੁੱਟਾਂ-ਖੋਹਾਂ ਅਤੇ ਗੋਲੀਬਾਰੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਨਾਗਰਿਕਾਂ ਦੀ ਸੁਰੱਖਿਆ ਲਈ ਪੁਲਿਸ ਵੱਲੋਂ ਚੁੱਕੇ ਜਾ ਰਹੇ ਅਜਿਹੇ ਕਦਮਾਂ ਵਿੱਚ ਹਰ ਨਾਗਰਿਕ ਨੂੰ ਆਪਣੇ ਦਸਤਾਵੇਜ਼ ਪੂਰੇ ਰੱਖ ਕੇ ਅਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਵਾ ਕੇ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ। ਸ਼ਹਿਰ ਵਾਸੀਆਂ ਨੇ ਉਮੀਦ ਜਤਾਈ ਕਿ ਇਸ ਸਖ਼ਤੀ ਨਾਲ ਅਪਰਾਧਿਕ ਅਨਸਰਾਂ ‘ਤੇ ਸ਼ਿਕੰਜਾ ਕੱਸਿਆ ਜਾ ਸਕੇਗਾ।

LEAVE A REPLY

Please enter your comment!
Please enter your name here