ਅੰਮ੍ਰਿਤਸਰ ਵਿਖੇ ਗੋਲੀਬਾਰੀ ’ਚ ਨੌਜਵਾਨ ਗੰਭੀਰ ਜ਼ਖਮੀ/ ਦੋ ਨੌਜਵਾਨਾਂ ’ਤੇ ਲੱਗੇ ਗੋਲੀਆਂ ਮਾਰਨ ਦੇ ਇਲਜ਼ਾਮ/ ਇਲਾਕੇ ਦੇ ਦਹਿਸ਼ਤ, ਪੁਲਿਸ ਕਰ ਰਹੀ ਜਾਂਚ

0
1

 

ਅੰਮ੍ਰਿਤਸਰ ਦੇ ਗੇਟ ਹਕੀਮਾ ਇਲਾਕੇ ਅੰਦਰ ਗੋਲੀ ਚੱਲਣ ਨਾਲ ਇਕ ਨੌਜਵਾਨ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਪੀੜਤ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਪੀੜਤ ਅਮਿਤ ਐਕਟਿਵਾ ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਰਸਤੇ ਵਿਚ ਦੋ ਨੌਜਵਾਨਾਂ ਨੇ ਘੇਰ ਕੇ ਗੋਲੀਆਂ ਚਲਾ ਦਿੱਤੀਆਂ। ਹਮਲੇ ਦੀ ਵਜ੍ਹਾ ਨਿੱਜੀ ਰੰਜ਼ਿਸ਼ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਉਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਰਿਵਾਰ ਮੁਤਾਬਕ ਘਰ ਅੰਦਰ ਅਮਿਤ ਦੇ ਜਨਮ ਦਿਨ ਦਾ ਕੇਕ ਕੱਟਿਆ ਗਿਆ ਸੀ। ਇਸ ਤੋਂ ਬਾਅਦ ਉਹ ਆਪਣੇ ਦੋਸਤਾਂ ਨਾਲ ਖਾਣ-ਪੀਣ ਲਈ ਬਾਹਰ ਗਿਆ ਸੀ। ਇਸ ਦੌਰਾਨ ਇੱਕ ਐਕਟਿਵਾ ‘ਤੇ ਸਵਾਰ ਦੋ ਨੌਜਵਾਨਾਂ ਨੇ ਪਹਿਲਾਂ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਫਿਰ ਗੋਲੀਆਂ ਚਲਾ ਦਿੱਤੀਆਂ। ਹਮਲਾਵਰਾਂ ਦੀ ਪਛਾਣ ਨਿਤੀਸ਼ ਅਤੇ ਘੋਸ਼ ਵਜੋਂ ਦੱਸੀ ਜਾ ਰਹੀ ਹੈ।
ਪਰਿਵਾਰ ਦੇ ਮੈਂਬਰ ਸਾਗਰ ਨੇ ਦੱਸਿਆ ਕਿ ਥੋੜ੍ਹੀ ਦੇਰ ਪਹਿਲਾਂ ਬੱਚਿਆਂ ਵਿਚਕਾਰ ਮਾਮੂਲੀ ਝਗੜਾ ਹੋਇਆ ਸੀ। ਉਸ ਸਮੇਂ, ਰਾਹਗੀਰਾਂ ਨੇ ਦੋਵਾਂ ਧਿਰਾਂ ਨੂੰ ਸਮਝਾ ਕੇ ਸਥਿਤੀ ਨੂੰ ਸ਼ਾਂਤ ਕੀਤਾ। ਦੋਸ਼ ਹੈ ਕਿ ਲਗਭਗ ਡੇਢ ਘੰਟੇ ਬਾਅਦ, ਜਦੋਂ ਅਮਿਤ ਆਪਣੇ ਦੋਸਤਾਂ ਨਾਲ ਆਪਣੀ ਐਕਟਿਵਾ ‘ਤੇ ਬਾਹਰ ਜਾ ਰਿਹਾ ਸੀ, ਤਾਂ ਪਿੱਛੇ ਤੋਂ ਕੁਝ ਨੌਜਵਾਨਾਂ ਨੇ ਅਚਾਨਕ ਗੋਲੀ ਚਲਾ ਦਿੱਤੀ। ਗੋਲੀ ਅਮਿਤ ਦੇ ਜਬਾੜੇ ਦੇ ਨੇੜੇ ਲੱਗੀ, ਜਿਸ ਕਾਰਨ ਉਹ ਗੰਭੀਰ ਹਾਲਤ ਵਿੱਚ ਚਲਾ ਗਿਆ।ਪਰਿਵਾਰ ਨੇ ਪੁਲਿਸ ਤੋਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਮੌਕੇ ਤੇ ਪਹੁੰਚੇ ਏਸੀਪੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਗੇਟ ਹਕੀਮਾ ਦੇ ਬੀ ਬਲਾਕ ਖੇਤਰ ਵਿੱਚ ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ, ਇੱਕ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਜ਼ਖਮੀ ਨੌਜਵਾਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਜ਼ਖਮੀ ਨੌਜਵਾਨ ਦਾ ਬਿਆਨ ਦਰਜ ਕਰ ਲਿਆ ਹੈ, ਜਿਸ ਵਿੱਚ ਉਸਨੇ ਦੋ ਨੌਜਵਾਨਾਂ ਦੇ ਨਾਮ ਲਏ ਹਨ। ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here