ਪੰਜਾਬ ਮੋਗਾ ਵਾਸੀ ਹਰਪੀਤ ਕੌਰ ਦਾ ਨੇਕ ਉਪਰਾਲਾ/ ਚਿੱੜੀਆਂ ਲਈ ਬਣਾਏ 300 ਤੋਂ ਵੱਧ ਰੈਣ-ਬਸੇਰੇ/ ਧੀਆਂ ਦੀ ਘਾਟ ਨੂੰ ਚਿੜੀਆਂ ਨੇ ਕੀਤਾ ਪੂਰਾ By admin - August 19, 2026 0 1 Facebook Twitter Pinterest WhatsApp ਆਮ ਤੌਰ ’ਤੇ ਇਨਸਾਨ ਆਪਣੇ ਬੱਚਿਆਂ ਲਈ ਘਰ ਬਣਾਉਂਦਾ ਹੈ, ਪਰ ਮੋਗਾ ਜ਼ਿਲ੍ਹੇ ਦੇ ਪਿੰਡ ਨਿੱਧਾਵਾਲਾ ਦੀ ਹਰਪ੍ਰੀਤ ਕੌਰ ਨਾਮ ਦੇ ਮਹਿਲਾ ਨੇ ਬੇਜ਼ੁਬਾਨ ਪੰਛੀਆਂ ਲਈ ਆਪਣਾ ਘਰ ਹੀ ਆਲ੍ਹਣਿਆਂ ਦੀ ਦੁਨੀਆ ਬਣਾ ਦਿੱਤਾ ਹੈ। ਧੀ ਦੀ ਘਾਟ ਨੂੰ ਮਹਿਸੂਸ ਕਰਦੀ ਹਰਪ੍ਰੀਤ ਕੌਰ ਨੇ ਚਿੜੀਆਂ ਨੂੰ ਆਪਣੀਆਂ ਧੀਆਂ ਅਤੇ ਰਾਜਕੁਮਾਰੀਆਂ ਮੰਨ ਲਿਆ। ਅੱਜ ਉਸਦੇ ਘਰ ਵਿੱਚ 300 ਤੋਂ ਵੱਧ ਰਹਿਣ ਬਸੇਰੇ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਪੰਛੀ ਇੱਥੇ ਦਾਣਾ ਚੁਗਣ ਅਤੇ ਆਲ੍ਹਣੇ ਬਣਾਉਣ ਲਈ ਆਉਂਦੇ ਹਨ। ਚਿੜੀਆਂ ਦੀ ਚਹਿਕ ਨਾਲ ਸਵੇਰ ਹੁੰਦੀ ਹੈ ਅਤੇ ਇਨ੍ਹਾਂ ਬੇਜ਼ੁਬਾਨ ਪੰਛੀਆਂ ਨਾਲ ਗੱਲਾਂ ਕਰਦਿਆਂ ਹਰਪ੍ਰੀਤ ਕੌਰ ਆਪਣੇ ਦੁੱਖ-ਦਰਦ ਭੁੱਲ ਜਾਂਦੀ ਹੈ। ਹਰਪ੍ਰੀਤ ਕੌਰ ਦੱਸਦੀ ਹੈ ਕਿ ਸਾਲ 2010 ਵਿੱਚ ਜਦੋਂ ਉਨ੍ਹਾਂ ਦਾ ਪੁਰਾਣਾ ਘਰ ਢਾਹਿਆ ਜਾ ਰਿਹਾ ਸੀ ਤਾਂ ਇੱਕ ਚਿੜੀ ਆਪਣੇ ਦੋ ਬੱਚਿਆਂ ਸਮੇਤ ਆਲ੍ਹਣੇ ਵਿੱਚ ਬੈਠੀ ਸੀ। ਘਰ ਡਿੱਗਣ ਕਾਰਨ ਉਸਦਾ ਆਲ੍ਹਣਾ ਵੀ ਡਿੱਗ ਗਿਆ। ਉਸ ਸਮੇਂ ਹਰਪ੍ਰੀਤ ਨੇ ਜੁੱਤੀਆਂ ਵਾਲੇ ਇੱਕ ਗੱਤੇ ਦੇ ਡੱਬੇ ਨੂੰ ਹੀ ਚਿੜੀ ਲਈ ਰਹਿਣ ਬਸੇਰਾ ਬਣਾ ਕੇ ਘਰ ਵਿੱਚ ਟੰਗ ਦਿੱਤਾ। ਚਿੜੀ ਨੇ ਮੁੜ ਉਸ ਵਿੱਚ ਆਲ੍ਹਣਾ ਬਣਾਇਆ, ਅੰਡੇ ਦਿੱਤੇ ਅਤੇ ਬੱਚੇ ਪੈਦਾ ਕੀਤੇ। ਇੱਥੋਂ ਸ਼ੁਰੂ ਹੋਇਆ ਇੱਕ ਅਜਿਹਾ ਸਫ਼ਰ, ਜਿਸ ਨੇ ਅੱਜ ਪੂਰੇ ਘਰ ਨੂੰ ਹੀ ਚਿੜੀਆਂ ਦਾ ਆਸ਼ਿਆਨਾ ਬਣਾ ਦਿੱਤਾ ਹੈ। ਹਰਪ੍ਰੀਤ ਕੌਰ ਕੋਰ ਦਾ ਕਹਿਣਾ ਕਿ “ਮੈਨੂੰ ਤਾਂਘ ਸੀ ਕਿ ਵਾਹਿਗੁਰੂ ਮੇਰੇ ਘਰ ਪੁੱਤਰ ਦੇ ਨਾਲ ਇੱਕ ਧੀ ਦੀ ਵੀ ਦਾਤ ਬਖਸ਼ੇ, ਪਰ ਇਹ ਸੰਭਵ ਨਹੀਂ ਹੋਇਆ। ਹੁਣ ਮੇਰੀਆਂ ਇਹ ਰਾਜਕੁਮਾਰੀਆਂ ਹੀ ਮੇਰੀਆਂ ਧੀਆਂ ਨੇ। ਜਦੋਂ ਮੈਂ ਇਨ੍ਹਾਂ ਦੇ ਵਿਚਕਾਰ ਬੈਠਦੀ ਹਾਂ ਤਾਂ ਆਪਣੇ ਸਾਰੇ ਦੁੱਖ-ਦਰਦ ਭੁੱਲ ਜਾਂਦੀ ਹਾਂ।” ਘਰ ਦਾ ਸ਼ਾਇਦ ਹੀ ਕੋਈ ਅਜਿਹਾ ਕੋਨਾ ਹੋਵੇਗਾ ਜਿੱਥੇ ਚਿੜੀਆਂ ਲਈ ਰਹਿਣ ਬਸੇਰਾ ਨਾ ਹੋਵੇ।300 ਤੋਂ ਵੱਧ ਰਹਿਣ ਬਸੇਰੇ ਲਗਾ ਕੇ ਹਰਪ੍ਰੀਤ ਕੌਰ ਨੇ ਆਪਣੇ ਘਰ ਨੂੰ ਪੰਛੀਆਂ ਲਈ ਸੁਰੱਖਿਅਤ ਆਸ਼ਿਆਨੇ ਵਿੱਚ ਤਬਦੀਲ ਕਰ ਦਿੱਤਾ ਹੈ। ਸਵੇਰੇ ਹੁੰਦੇ ਹੀ ਪੂਰੇ ਪਿੰਡ ਦੀਆਂ ਚਿੜੀਆਂ ਦਾਣਾ ਚੁਗਣ ਲਈ ਉਸਦੇ ਘਰ ਆਉਂਦੀਆਂ ਹਨ। ਚਿੜੀਆਂ ਦੀ ਚੀਂ-ਚੀਂ ਨਾਲ ਸਾਰਾ ਵਿਹੜਾ ਗੂੰਜ ਉੱਠਦਾ ਹੈ।ਹਰਪ੍ਰੀਤ ਦਾ ਕਹਿਣਾ ਹੈ ਕਿ ਜਦੋਂ ਮੈਂ ਆਪਣੀ ਆਵਾਜ਼ ਵਿੱਚ ਸੀਟੀ ਮਾਰ ਕੇ ਜਾਂ “ਮੇਰੀਆਂ ਰਾਜਕੁਮਾਰੀਆਂ, ਮੇਰੇ ਪੁੱਤ ਆਜੋ” ਕਹਿ ਕੇ ਆਵਾਜ਼ ਮਾਰਦੀ ਹੈ ਤਾਂ ਇਹ ਪੰਛੀ ਉਸਦੇ ਕੋਲ ਆ ਜਾਂਦੇ ਹਨ। ਜਦੋਂ ਮੈਂ ਸਵੇਰੇ ਚਾਹ ਦੀ ਪਿਆਲੀ ਚੁੱਕਦੀ ਹਾਂ ਤਾਂ ਸਭ ਤੋਂ ਪਹਿਲਾਂ ਮੇਰੀਆਂ ਰਾਜਕੁਮਾਰੀਆਂ ਆ ਜਾਂਦੀਆਂ ਨੇ। ਮੇਰਾ ਸਾਰਾ ਵਿਹੜਾ ਇਨ੍ਹਾਂ ਨਾਲ ਭਰ ਜਾਂਦਾ ਹੈ। ਜਦੋਂ ਮੈਂ ਸੀਟੀ ਮਾਰ ਕੇ ਆਵਾਜ਼ ਦਿੰਦੀ ਹਾਂ ਤਾਂ ਇਹ ਮੇਰੇ ਕੋਲ ਆ ਜਾਂਦੀਆਂ ਨੇ। ਮੈਨੂੰ ਲੱਗਦਾ ਹੈ ਇਹ ਮੇਰੀਆਂ ਧੀਆਂ ਹੀ ਨੇ। ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਇਨ੍ਹਾਂ ਪੰਛੀਆਂ ਨਾਲ ਉਸਦਾ ਰਿਸ਼ਤਾ ਸਿਰਫ਼ ਦਾਣਾ-ਪਾਣੀ ਪਾਉਣ ਤੱਕ ਸੀਮਤ ਨਹੀਂ।ਘਰ ਵਿੱਚ ਜਦੋਂ ਵੀ ਕੋਈ ਖੁਸ਼ੀ ਦਾ ਮੌਕਾ ਹੋਵੇ—ਬੱਚਿਆਂ ਦਾ ਜਨਮਦਿਨ, ਵਿਆਹ ਦੀ ਵਰ੍ਹੇਗੰਢ ਜਾਂ ਕੋਈ ਹੋਰ ਸਮਾਗਮ—ਉਹ ਆਪਣੀਆਂ ਰਾਜਕੁਮਾਰੀਆਂ ਲਈ ਨਵਾਂ ਰਹਿਣ ਬਸੇਰਾ ਲਿਆ ਕੇ ਲਗਾਉਂਦੀ ਹੈ। ਇਸ ਸੇਵਾ ਵਿੱਚ ਉਸਦੇ ਸੱਸ-ਸਹੁਰੇ, ਪਤੀ ਅਤੇ ਦਿਉਰ-ਭਰਾਵਾਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ। ਹਰਪ੍ਰੀਤ ਕਹਿੰਦੀ ਹੈ ਕਿ ਕਈ ਲੋਕਾਂ ਨੇ ਉਸਦਾ ਮਜ਼ਾਕ ਵੀ ਉਡਾਇਆ, ਪਰ ਉਸਨੇ ਕਦੇ ਇਸ ਸੇਵਾ ਨੂੰ ਰੋਕਿਆ ਨਹੀਂ। ਉਸਦਾ ਇੱਕੋ ਮਕਸਦ ਹੈ—ਬੇਜ਼ੁਬਾਨ ਪੰਛੀਆਂ ਦੀ ਸੇਵਾ ਕਰਨੀ ਅਤੇ ਉਨ੍ਹਾਂ ਦੀ ਗਿਣਤੀ ਵਧਾਉਣੀ।ਹਰਪ੍ਰੀਤ ਕੌਰ ਕਹਿਣਾ ਕੇ ਕੁਦਰਤ ਵਿੱਚ ਆ ਰਹੇ ਬਦਲਾਅ ਨੂੰ ਲੈ ਕੇ ਵੀ ਚਿੰਤਤ ਹੈ। ਉਸਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਚਿੜੀਆਂ, ਚਿੜੇ, ਤੋਤੇ, ਗੁਟਾਰਾਂ, ਮੋਰ, ਘੁੱਗੀਆਂ ਅਤੇ ਕਾਂ ਵਰਗੇ ਕਈ ਪੁਰਾਤਨ ਪੰਛੀਆਂ ਦੀ ਗਿਣਤੀ ਘਟੀ ਹੈ।ਪ੍ਰਦੂਸ਼ਿਤ ਪਾਣੀ, ਦੂਸ਼ਿਤ ਵਾਤਾਵਰਨ, ਫ਼ਸਲਾਂ ’ਤੇ ਕੀਟਨਾਸ਼ਕਾਂ ਦੀ ਵੱਧ ਵਰਤੋਂ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ ਪੰਛੀਆਂ ਲਈ ਵੱਡਾ ਖ਼ਤਰਾ ਬਣ ਰਿਹਾ ਹੈ। ਹਰਪ੍ਰੀਤ ਦਾ ਮੰਨਣਾ ਹੈ ਕਿ ਜੇਕਰ ਅਸੀਂ ਅੱਜ ਪੰਛੀਆਂ ਅਤੇ ਕੁਦਰਤ ਲਈ ਕੁਝ ਨਾ ਕੀਤਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਸਿਰਫ਼ ਕਿਤਾਬਾਂ ਵਿੱਚ ਪੜ੍ਹਨ ਵਾਲੀ ਵਿਰਾਸਤ ਬਣ ਕੇ ਰਹਿ ਜਾਣਗੇ।