ਪੰਜਾਬ By admin - August 19, 2026 0 1 Facebook Twitter Pinterest WhatsApp ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਫਤਹਿਗੜ੍ਹ ਸਾਹਿਬ ਦੇ ਪਿੰਡ ਜੱਲਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਸਰਕਾਰੀ ਸਕੂਲ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਦ ਸਕੂਲ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਲਾਈਵ ਹੋ ਕੇ ਸਕੂਲ ਵਿਚ ਹੋਏ ਵਿਕਾਸ ਕੰਮਾਂ ਬਾਰੇ ਵਿਸਥਾਤਰ ਜਾਣਕਾਰੀ ਸਾਂਝੀ ਕੀਤੀ। ਮੀਡੀਆ ਨਾਲ ਗੱਲਬਾਤ ਦੌਰਾਨ ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲ ਦੀ ਪਹਿਲਾਂ ਹਾਲਤ ਬਹੁਤ ਮਾੜੀ ਸੀ ਜਿਸ ਨੂੰ ਹੁਣ ਕਾਫੀ ਸੁਧਾਰ ਦਿੱਤਾ ਗਿਆ ਹੈ। ਵੀਡੀਓ ਬਾਰੇ ਉਨ੍ਹਾਂ ਕਿਹਾ ਕਿ ਇਹ ਕਿਸੇ ਨੇ ਪੁਰਾਣੀ ਵੀਡੀਓ ਵਾਇਰਲ ਕੀਤੀ ਹੈ ਜਦਕਿ ਸਕੂਲ ਦੀ ਮੌਜੂਦਾ ਦਿੱਖ ਕਾਫੀ ਬਦਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵੀਡੀਓ ਵਿੱਚ ਦਿਖਾਏ ਗਏ ਬਾਥਰੂਮ ਕਰੀਬ ਪੰਜ ਸਾਲ ਤੋਂ ਬੰਦ ਪਏ ਹਨ, ਜਦਕਿ ਸਕੂਲ ਵਿੱਚ ਹੁਣ ਨਵੇਂ ਬਾਥਰੂਮ ਬਣਾਏ ਜਾ ਚੁੱਕੇ ਹਨ। ਚੈਕਿੰਗ ਦੌਰਾਨ ਸਕੂਲ ਦੇ ਮੌਜੂਦਾ ਬਾਥਰੂਮ ਸਾਫ਼-ਸੁਥਰੀ ਹਾਲਤ ਵਿੱਚ ਮਿਲੇ ਅਤੇ ਉੱਥੇ ਪਾਣੀ ਦੀ ਸਹੂਲਤ ਵੀ ਮੌਜੂਦ ਸੀ। ਲੜਕੀਆਂ ਦੇ ਬਾਥਰੂਮ ਵਿੱਚ ਸੈਨੇਟਰੀ ਪੈਡ ਡਿਸਪੋਜ਼ਲ ਮਸ਼ੀਨ ਵੀ ਚਾਲੂ ਹਾਲਤ ਵਿੱਚ ਮਿਲੀ। ਉਨ੍ਹਾਂ ਅੱਗੇ ਕਿਹਾ ਕਿ ਇਸ ਸਕੂਲ ਵਿੱਚ ਕਰੀਬ 100 ਵਿਦਿਆਰਥੀ ਹਨ, ਜਿਨ੍ਹਾਂ ਨੂੰ 9 ਅਧਿਆਪਕ ਪੜ੍ਹਾ ਰਹੇ ਹਨ। ਸਕੂਲ ਦੀ ਮੌਜੂਦ ਹਾਲਤ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਕੂਲ ਦੀ ਚਾਰਦੀਵਾਰੀ ਦਾ ਕੰਮ ਮੁਕੰਮਲ ਹੈ ਅਤੇ ਪਿਛਲੇ ਚਾਰ ਸਾਲਾਂ ਦੌਰਾਨ ਮੁਰੰਮਤ ਲਈ ਕਰੀਬ 15 ਲੱਖ ਰੁਪਏ ਖਰਚ ਕੀਤੇ ਗਏ ਹਨ। ਸਕੂਲ ਵਿੱਚ ਦੋ ਸਮਾਰਟ ਪੈਨਲ, ਤਿੰਨ ਪ੍ਰੋਜੈਕਟਰ, ਕੰਪਿਊਟਰ ਲੈਬ, ਸਾਇੰਸ ਲੈਬ, ਵਾਈ-ਫਾਈ ਅਤੇ ਪੀਣ ਵਾਲੇ ਪਾਣੀ ਦੀ ਸਹੂਲਤ ਵੀ ਉਪਲਬਧ ਹੈ। ਸਕੂਲ ਦੀ ਇਮਾਰਤ ਦੀ ਮੁਰੰਮਤ ਅਤੇ ਹੋਰ ਵਿਕਾਸ ਕਾਰਜ ਵੀ ਜਾਰੀ ਹਨ। ਵ੍ਹਾਈਟਵਾਸ਼ ਦਾ ਕੰਮ ਬਾਕੀ ਹੈ, ਜਿਸ ਲਈ ਗ੍ਰਾਂਟ ਮਨਜ਼ੂਰ ਹੋ ਚੁੱਕੀ ਹੈ ਅਤੇ ਮਾਨਸੂਨ ਤੋਂ ਬਾਅਦ ਕੰਮ ਸ਼ੁਰੂ ਕੀਤਾ ਜਾਵੇਗਾ। ਸਿੱਖਿਆ ਮੰਤਰੀ ਨੇ ਸਕੂਲ ਦੇ ਪਿੱਛੇ ਪੰਚਾਇਤ ਦੇ ਗਰਾਊਂਡ ਦੀ ਸਾਂਭ-ਸੰਭਾਲ ਨੂੰ ਇੱਕ ਸਮੱਸਿਆ ਦੱਸਦਿਆਂ ਇਸ ਮਾਮਲੇ ਨੂੰ ਪੰਚਾਇਤ ਕੋਲ ਉਠਾਉਣ ਦੀ ਗੱਲ ਕਹੀ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ ਅਤੇ ਸੂਬੇ ਦੇ ਹਰ ਸਰਕਾਰੀ ਸਕੂਲ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਅੰਦਰ 20 ਹਜ਼ਾਰ ਦੇ ਕਰੀਬ ਸਕੂਲ ਹਨ ਅਤੇ ਐਨੀ ਜ਼ਿਆਦਾ ਗਿਣਤੀ ਕਾਰਨ ਕਿਤੇ ਥੋੜ੍ਹੀ ਬਹੁਤੀ ਕਮੀ ਹੋ ਸਕਦੀ ਹੈ, ਜਿਨ੍ਹਾਂ ਨੂੰ ਦਰੁਸਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਛੇਤੀ ਹੀ ਸਕੂਲਾਂ ਅੰਦਰਲੀਆਂ ਸਾਰੀਆਂ ਕਮੀਆਂ ਦੂਰ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਅਜਿਹੀਆਂ ਵੀਡੀਓ ਅਪਲੋਡ ਕਰਨ ਵਾਲਿਆਂ ਨੂੰ ਸਕੂਲਾਂ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਹਾਸਲ ਕਰਨ ਲੈਣ ਦੀ ਸਲਾਹ ਦਿੱਤੀ ਤਾਂ ਜੋ ਲੋਕਾਂ ਅੰਦਰ ਗਲਤ ਜਾਣਕਾਰੀ ਨਾ ਜਾ ਸਕੇ। https://knocknews.tv/wp-content/uploads/2026/08/2026-08-18_22-35-29_0.mp4