ਪੰਜਾਬ ਅੰਮ੍ਰਿਤਸਰ ’ਚ ਨਿੱਜੀ ਬੱਸ ਮਾਲਕਾਂ ਦੀ ਅਣਗਹਿਲੀ ਦਾ ਮਾਮਲਾ/ ਬੱਸ ਦੀ ਛੱਤ ’ਤੇ ਸਫਰ ਕਰਦੇ ਲੋਕਾਂ ਦੀ ਵੀਡੀਓ ਵਾਇਰਲ/ ਟਰੈਫਿਕ ਪੁਲਿਸ ਵੱਲੋਂ ਅਣਦੇਖਿਆ ਕਰਨ ’ਤੇ ਉੱਠੇ ਸਵਾਲ By admin - August 16, 2026 0 1 Facebook Twitter Pinterest WhatsApp ਅੰਮ੍ਰਿਤਸਰ ਵਿਖੇ ਇਕ ਨਿੱਜੀ ਬੱਸ ਮਾਲਕਾ ਵੱਲੋਂ ਟਰੈਫਿਕ ਨਿਯਮਾਂ ਦੀ ਸ਼ਰੇਆਮ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 15 ਅਗੱਸਤ ਮੌਕੇ ਵਾਹਗਾ ਬਾਰਡਰ ਤੋਂ ਪਰਤ ਰਹੀ ਬੱਸ ਦੀ ਛੱਤ ਤੇ 30 ਤੋਂ 35 ਲੋਕ ਸਫਰ ਕਰਦੇ ਵੇਖੇ ਗਏ ਹਨ। ਘਟਨਾ ਦੀ ਵੀਡੀਓ ਸ਼ੋਸ਼ਲ ਮੀਡੀਆ ਵਿਚ ਵੀ ਵਾਇਰਲ ਹੋ ਰਹੀ ਹੈ, ਜਿਸ ਬੱਸ ਦੀ ਛੱਤ ਤੇ ਬੈਠੇ 30 ਤੋਂ 35 ਲੋਕ ਖਤਰਨਾਕ ਤਰੀਕੇ ਨਾਲ ਸਫਰ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ਵਿਚ ਪੁਲਿਸ ਨਾਕੇ ਵੀ ਦਿਖਾਈ ਦੇ ਰਹੇ ਨੇ, ਜੋ ਬੱਸ ਨੂੰ ਲਗਾਤਾਰ ਅਣਦੇਖਿਆ ਕਰ ਰਹੇ ਹਨ। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੇ ਵੀ ਸਵਾਲ ਉੱਠ ਰਹੇ ਹਨ। ਖਬਰਾਂ ਮੁਤਾਬਕ ਅੰਮ੍ਰਿਤਸਰ ਦੇ ਜੀ.ਟੀ. ਰੋਡ ‘ਤੋ ਗੁਜਰ ਰਹੀ ਇਸ ਬੱਸ ਦੇ ਰਸਤੇ ਵਿਚ ਪੁਲਿਸ ਦੇ ਕਰੀਬ 5 ਨਾਕੇ (ਚੌਕੀਆਂ) ਲੱਗੇ ਹੋਏ ਸਨ, ਜਿੱਥੇ ਮੁਲਾਜ਼ਮਾਂ ਦੀ ਮੌਜੂਦਗੀ ਦੇ ਬਾਵਜੂਦ ਕਿਸੇ ਨੇ ਵੀ ਬੱਸ ਨੂੰ ਰੋਕਣ ਜਾਂ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਦੱਸਣਯੋਗ ਹੈ ਕਿ ਕਾਨੂੰਨ ਮੁਤਾਬਕ ਬੱਸ ਦੀ ਛੱਤ ‘ਤੇ ਸਵਾਰੀਆਂ ਨੂੰ ਬਿਠਾਉਣਾ ਕਾਨੂੰਨੀ ਤੌਰ ‘ਤੇ ਅਪਰਾਧ ਹੈ। ਅਜਿਹੀ ਸਥਿਤੀ ਵਿੱਚ ਅਚਾਨਕ ਬ੍ਰੇਕ ਲੱਗਣ, ਬੱਸ ਦੇ ਪਲਟਣ ਜਾਂ ਕਿਸੇ ਤਾਰ/ਢਾਂਚੇ ਨਾਲ ਟਕਰਾਉਣ ‘ਤੇ ਜਾਨੀ ਨੁਕਸਾਨ ਦਾ ਖਤਰਾ ਹੁੰਦਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਵਿੱਚ ਸਾਫ਼ ਦਿਖ ਰਿਹਾ ਹੈ ਕਿ ਪੁਲਿਸ ਨਾਕੇ ਦੇ ਕੋਲੋਂ ਬੱਸ ਆਰਾਮ ਨਾਲ ਲੰਘ ਰਹੀ ਹੈ, ਜਿਸ ਨਾਲ ਪੁਲਿਸ ਦੀ ਚੈਕਿੰਗ ਅਤੇ ਮੁਸਤੈਦੀ ‘ਤੇ ਵੱਡੇ ਸਵਾਲ ਖੜ੍ਹੇ ਹੁੰਦੇ ਹਨ। ਖਬਰਾਂ ਮੁਤਾਬਕ ਇਹ ਰੂਟ ਕਾਫ਼ੀ ਰੁੱਝਿਆ ਰਹਿੰਦਾ ਹੈ ਅਤੇ ਜੀ.ਟੀ. ਰੋਡ ‘ਤੇ ਵਾਹਨਾਂ ਦੀ ਰਫ਼ਤਾਰ ਤੇਜ਼ ਹੁੰਦੀ ਹੈ, ਜਿਸ ਕਾਰਨ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ। ਇਹ ਵੀ ਦੱਸਣਯੋਗ ਹੈ ਕਿ ਅੰਮ੍ਰਿਤਸਰ ਵਿੱਚ ਪਹਿਲਾਂ ਵੀ ਅਜਿਹੀ ਲਾਪਰਵਾਹੀ ਕਾਰਨ ਭਿਆਨਕ ਹਾਦਸੇ ਵਾਪਰ ਚੁੱਕੇ ਹਨ। ਅਕਤੂਬਰ 2025 ਵਿਚ ਵਾਪਰੇ ਹਾਦਸੇ ਦੌਰਾਨ ਇੱਕ ਬੱਸ ਦੀ ਛੱਤ ‘ਤੇ ਬੈਠੇ ਸ਼ਰਧਾਲੂ BRTS ਲੇਨ ਦੇ ਉੱਪਰ ਬਣੇ ਢਾਂਚੇ (ਲੈਂਟਰ) ਨਾਲ ਟਕਰਾ ਗਏ ਸਨ। ਨਤੀਜੇ ਵਜੋਂ 3 ਨੌਜਵਾਨਾਂ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਅਦਾਲਤ ਨੇ ਵੀ ਕਾਫੀ ਸਖਤੀ ਦਿਖਾਈ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਜਿਹੇ ਮਾਮਲਿਆਂ ਵਿੱਚ ਡਰਾਈਵਰਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਇਸ ਨੂੰ ਮਨੁੱਖੀ ਜਾਨ ਲਈ ਜਾਣਬੁੱਝ ਕੇ ਪੈਦਾ ਕੀਤਾ ਗਿਆ ਖ਼ਤਰਾ ਦੱਸਿਆ ਸੀ। ਇਸੇ ਦੌਰਾਨ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਅਤੇ ਟ੍ਰਾਂਸਪੋਰਟ ਵਿਭਾਗ ਨੂੰ ਤੁਰੰਤ ਬੱਸ ਮਾਲਕ ਅਤੇ ਡਰਾਈਵਰ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਵੀ ਉਠਣੀ ਸ਼ੁਰੂ ਹੋ ਗਈ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਅਜਿਹੀਆਂ ਘਟਨਾਵਾਂ ਰੋਕਣ ਲਈ ਸਖਤੀ ਦੀ ਮੰਗ ਕੀਤੀ ਹੈ।