ਪੰਜਾਬ ਮੋਗਾ ਦੇ ਘਲਕਲਾਂ ਰੇਲਵੇ ਟਰੈਕ ਤੇ ਮਿਲੀ ਅਣਪਛਾਤੀ ਲਾਸ਼/ ਰੇਲ ਗੱਡੀ ਤੋਂ ਡਿੱਗਣ ਦਾ ਖਦਸ਼ਾ/ ਪੁਲਿਸ ਨੇ ਲਾਸ਼ ਮੋਰਚਰੀ ’ਚ ਰਖਵਾ ਕੇ ਜਾਂਚ ਆਰੰਭੀ By admin - August 15, 2026 0 1 Facebook Twitter Pinterest WhatsApp ਮੋਗਾ ਦੇ ਪਿੰਡ ਘਲਕਲਾਂ ਨੇੜੇ ਰੇਲਵੇ ਟਰੈਕ ’ਤੇ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਰੇਲਵੇ ਲਾਈਨ ਤੋਂ 30 ਸਾਲਾ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਨੌਜਵਾਨ ਕੋਲੋਂ ਪਛਾਣ ਸਬੰਧੀ ਕੋਈ ਦਸਤਾਵੇਜ਼ ਨਹੀਂ ਮਿਲਿਆ। ਮੁੱਢਲੀ ਜਾਂਚ ਦੌਰਾਨ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਚੱਲਦੀ ਰੇਲ ਗੱਡੀ ਤੋਂ ਡਿੱਗਣ ਕਾਰਨ ਹੋਈ ਹੋ ਸਕਦੀ ਹੈ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਸਿਰੋ ਮੋਨਾ ਹੈ ਅਤੇ ਉਸ ਨੇ ਨੀਲੇ ਰੰਗ ਦੀ ਟੀ-ਸ਼ਰਟ, ਕਾਲੀ ਜੀਨਸ ਅਤੇ ਕਾਲੇ ਰੰਗ ਦੇ ਸਪੋਰਟਸ ਜੁੱਤੇ ਪਹਿਨੇ ਹੋਏ ਸਨ। ਜਾਣਕਾਰੀ ਦਿੰਦਿਆਂ ਹੋਇਆਂ ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਨੇ ਦੱਸਿਆ ਕਿ ਰੇਲਵੇ ਪੁਲਿਸ ਵੱਲੋਂ ਉਨ੍ਹਾਂ ਨੂੰ ਘਲਕਲਾਂ ਰੇਲਵੇ ਲਾਈਨ ’ਤੇ ਇੱਕ ਨੌਜਵਾਨ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਸੋਸਾਇਟੀ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਤੱਕ ਪਹੁੰਚਾਉਣ ਵਿੱਚ ਸਹਿਯੋਗ ਕੀਤਾ। ਜੀਆਰਪੀ ਦੇ ਪੁਲਿਸ ਅਧਿਕਾਰੀ ਏਐਸਆਈ ਤ੍ਰਿਲੋਕ ਸਿੰਘ ਨੇ ਦੱਸਿਆ ਕਿ ਡਗਰੂ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਵੱਲੋਂ ਰੇਲਵੇ ਲਾਈਨ ’ਤੇ ਲਾਸ਼ ਪਈ ਹੋਣ ਦੀ ਸੂਚਨਾ ਦਿੱਤੀ ਗਈ ਸੀ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ। ਇਸ ਤੋਂ ਬਾਅਦ ਲਾਸ਼ ਨੂੰ ਮ੍ਰਿਤਕ ਦੀ ਪਛਾਣ ਲਈ ਮੋਗਾ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾ ਦਿੱਤਾ ਗਿਆ। ਏਐਸਆਈ ਤ੍ਰਿਲੋਕ ਸਿੰਘ ਅਨੁਸਾਰ ਮ੍ਰਿਤਕ ਦੀ ਉਮਰ ਕਰੀਬ 28 ਤੋਂ 30 ਸਾਲ ਦੇ ਵਿਚਕਾਰ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨੌਜਵਾਨ ਦੀ ਪਛਾਣ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਤ੍ਰਿਲੋਕ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਇਲਾਕੇ ਵਿੱਚੋਂ ਕੋਈ ਵਿਅਕਤੀ ਲਾਪਤਾ ਹੈ ਅਤੇ ਉਸ ਦਾ ਹੁਲੀਆ ਮ੍ਰਿਤਕ ਨੌਜਵਾਨ ਨਾਲ ਮਿਲਦਾ ਹੈ ਤਾਂ ਤੁਰੰਤ ਰੇਲਵੇ ਪੁਲਿਸ ਜਾਂ ਸਬੰਧਤ ਪੁਲਿਸ ਥਾਣੇ ਨਾਲ ਸੰਪਰਕ ਕੀਤਾ ਜਾਵੇ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਪਛਾਣ ਹੋਣ ਤੋਂ ਬਾਅਦ ਹੀ ਲਾਸ਼ ਨੂੰ ਉਸ ਦੇ ਅਸਲ ਵਾਰਸਾਂ ਦੇ ਹਵਾਲੇ ਕੀਤਾ ਜਾ ਸਕੇਗਾ।