ਗੁਰਦਾਸਪੁਰ ਦੇ ਪੁਲਿਸ ਲਾਈਨ ਰੋਡ ਵਾਸੀ ਕੂੜੇ ਤੋਂ ਪ੍ਰੇਸ਼ਾਨ/ ਡੰਪਿੰਗ ਗਰਾਊਂਡ ਦਾ ਰੂਪ ਬਣੀ ਪਾਰਕਿੰਗ/ ਮੱਖੀਆ ਦੀ ਭਰਮਾਰ ਤੋਂ ਰੈਸਟੋਰੈਂਟ ਮਾਲਕ ਵੀ ਔਖੇ

0
1

ਗੁਰਦਾਸਪੁਰ ਦੀ ਪੁਲਿਸ ਲਾਈਨ ਰੋਡ ’ਤੇ ਦੇ ਵਾਸੀ ਇੱਥੇ ਲੱਗੇ ਕੂੜੇ ਦੇ ਢੇਰਾਂ ਤੋਂ ਡਾਂਢੇ ਪ੍ਰੇਸ਼ਾਨ ਹਨ। ਖਾਸ ਕਰ ਕੇ ਇੱਥੇ ਗਰਿੱਲ ਹਾਊਸ ਰੈਸਟੋਰੈਂਟ ਦੇ ਬਾਹਰ ਅਤੇ ਆਸ-ਪਾਸ ਸਥਿਤ ਵੱਖ-ਵੱਖ ਦਫ਼ਤਰਾਂ ਤੇ ਦੁਕਾਨਾਂ ਦੇ ਸਾਹਮਣੇ ਪਾਰਕਿੰਗ ਵਿੱਚ ਲੱਗੇ ਕੂੜੇ ਦੇ ਢੇਰ ਨੇ ਪ੍ਰਸ਼ਾਸਨ ਦੇ ਸਫ਼ਾਈ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਇਸ ਸੜਕ ਦਾ ਨਿਰਮਾਣ ਲਗਭਗ ਇੱਕ ਹਫ਼ਤਾ ਪਹਿਲਾਂ ਹੋਇਆ ਸੀ ਪਰ ਸਥਾਨਕ ਲੋਕਾਂ ਮੁਤਾਬਕ ਸੜਕ ਬਣਨ ਤੋਂ ਬਾਅਦ ਵੀ ਇਸਦੇ ਨਾਲ ਲੱਗੀ ਪਾਰਕਿੰਗ ਵਿੱਚੋਂ ਕੂੜਾ ਨਹੀਂ ਚੁੱਕਿਆ ਗਿਆ। ਸਥਾਨਕ ਵਾਸੀਆਂ ਨੇ ਕੂੜੇ ਦੇ ਛੇਤੀ ਨਿਪਟਾਰੇ ਦੀ ਮੰਗ ਕੀਤੀ ਹੈ।
ਇੱਥੇ ਸਥਿਤ ਇੱਕ ਰੈਸਟੋਰੈਂਟ ਦੇ ਮਾਲਕ ਨੇ ਦੱਸਿਆ ਕਿ ਪਾਰਕਿੰਗ ਵਿੱਚ ਪਿਆ ਕੂੜਾ ਉਨ੍ਹਾਂ ਦਾ ਨਹੀਂ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਪਿੱਛੇ ਇੱਕ ਇਮਾਰਤ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ ਅਤੇ ਉੱਥੋਂ ਦਾ ਕੂੜਾ ਕਥਿਤ ਤੌਰ ’ਤੇ ਜਾਣਬੁੱਝ ਕੇ ਉਨ੍ਹਾਂ ਦੀ ਪਾਰਕਿੰਗ ਵਾਲੀ ਥਾਂ ’ਤੇ ਸੁੱਟਿਆ ਗਿਆ। ਰੈਸਟੋਰੈਂਟ ਮਾਲਕ ਦਾ ਕਹਿਣਾ ਹੈ ਕਿ ਕੂੜੇ ਦੇ ਢੇਰ ਕਾਰਨ ਉਨ੍ਹਾਂ ਦੇ ਕਾਰੋਬਾਰ ’ਤੇ ਵੀ ਅਸਰ ਪੈ ਰਿਹਾ ਹੈ ਅਤੇ ਗੰਦਗੀ ਕਾਰਨ ਰੈਸਟੋਰੈਂਟ ਵਿੱਚ ਆਉਣ ਵਾਲੇ ਗਾਹਕਾਂ ਦੀ ਗਿਣਤੀ ਘੱਟ ਹੋਈ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕੂੜੇ ਦੇ ਢੇਰ ਨੂੰ ਤੁਰੰਤ ਹਟਾਇਆ ਜਾਵੇ ਅਤੇ ਇਹ ਪਤਾ ਲਗਾਇਆ ਜਾਵੇ ਕਿ ਇੱਥੇ ਕੂੜਾ ਕਿਸ ਵੱਲੋਂ ਸੁੱਟਿਆ ਜਾ ਰਿਹਾ ਹੈ।
ਇੱਥੇ ਨੇੜੇ ਇੱਕ ਬੈਂਕ ਅਤੇ ਮੋਬਾਇਲ ਮਾਰਕੀਟ ਸਮੇਤ ਕਈ ਦੁਕਾਨਾਂ ਅਤੇ ਕਾਰੋਬਾਰੀ ਅਦਾਰੇ ਹਨ, ਜਿੱਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਆਉਂਦੇ-ਜਾਂਦੇ ਹਨ। ਅਜਿਹੇ ਵਿੱਚ ਪਾਰਕਿੰਗ ਵਿੱਚ ਲੱਗਾ ਕੂੜੇ ਦਾ ਵੱਡਾ ਢੇਰ ਨਾ ਸਿਰਫ਼ ਗੰਦਗੀ ਦਾ ਕਾਰਨ ਬਣ ਰਿਹਾ ਹੈ, ਸਗੋਂ ਲੋਕਾਂ ਦੀ ਆਵਾਜਾਈ ਅਤੇ ਕਾਰੋਬਾਰਾਂ ਲਈ ਵੀ ਮੁਸ਼ਕਲਾਂ ਪੈਦਾ ਕਰ ਰਿਹਾ ਹੈ। ਦੂਜੇ ਪਾਸੇ ਕੂੜੇ ਦੀ ਭਰਮਾਰ ਨੇ ਨਗਰ ਨਿਗਮ ਤੇ ਕੰਮ ਤੇ ਵੀ ਸਵਾਲੀਆਂ ਨਿਸ਼ਾਨ ਲਾ ਦਿੱਤੇ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਸੜਕ ਬਣਨ ਨੂੰ ਲਗਭਗ ਇੱਕ ਹਫ਼ਤਾ ਹੋ ਚੁੱਕਾ ਹੈ ਤਾਂ ਪਾਰਕਿੰਗ ਵਿੱਚ ਪਿਆ ਕੂੜਾ ਹੁਣ ਤੱਕ ਕਿਉਂ ਨਹੀਂ ਚੁੱਕਿਆ ਗਿਆ। ਸਥਾਨਕ ਵਾਸੀਆਂ ਨੇ ਇਸ ਸਭ ਲਈ ਸਬੰਧਤ ਮਹਿਕਮੇ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here