ਜਲੰਧਰ ਪੁਲਿਸ ਦਾ ਨਸ਼ਾ ਤਸਕਰਾਂ ’ਤੇ ਐਕਸ਼ਨ/ ਜਾਇਦਾਦ ਤੇ ਬੈਂਕ ਖਾਤੇ ਕੀਤੇ ਗਏ ਜ਼ਬਤ/ ਨਸ਼ੇ ਦੀ ਕਮਾਈ ਨਾਲ ਬਣਾਈ ਸੀ ਜਾਇਦਾਦ

0
1

ਜਲੰਧਰ ਪੁਲਿਸ ਨੇ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਤੇ ਲਗਾਤਾਰ ਸਿਕੰਜਾ ਕੱਸਿਆ ਜਾ ਰਿਹਾ ਹੈ। ਪੁਲਿਸ ਨੇ ਹੈਰੋਇਨ ਬਰਾਮਦਗੀ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਦੋ ਨਸ਼ਾ ਤਸਕਰਾਂ ਦੀਆਂ ਲਗਭਗ 24.48 ਲੱਖ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਅਤੇ ਬੈਂਕ ਖਾਤਿਆਂ ਨੂੰ ਫਰੀਜ਼ ਕਰ ਦਿੱਤਾ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਨੇ ਇਹ ਜਾਇਦਾਦ ਨਸ਼ਿਆਂ ਦੀ ਕਮਾਈ ਨਾਲ ਬਣਾਈ ਸੀ, ਜਿਸ ਦੇ ਚਲਦਿਆਂ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।
ਪੁਲਿਸ ਮੁਤਾਬਕ ਮਾਮਲਾ 26 ਅਪ੍ਰੈਲ, 2026 ਨੂੰ ਸਦਰ ਪੁਲਿਸ ਸਟੇਸ਼ਨ, ਜਲੰਧਰ ਵਿਖੇ ਦਰਜ ਐਫਆਈਆਰ ਨੰਬਰ 137 ਨਾਲ ਸਬੰਧਤ ਹੈ। ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਦਰਜ ਮਾਮਲੇ ਵਿਚ 1 ਕਿਲੋ 883 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਪੁਲਿਸ ਨੇ ਇਸ ਮਾਮਲੇ ਦੇ ਦੋ ਮੁੱਖ ਮੁਲਜ਼ਮਾਂ, ਕੁਲਵਿੰਦਰ ਸਿੰਘ (ਪੁੱਤਰ ਗੇਜਾ ਸਿੰਘ, ਵਾਸੀ ਪਿੰਡ ਸੈਦੂਪੁਰ, ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ) ਅਤੇ ਜਗਦੇਵ ਸਿੰਘ (ਪੁੱਤਰ ਮੁਖਤਿਆਰ ਸਿੰਘ, ਵਾਸੀ ਧਰਮੇ ਦੀਆਨ ਛੰਨਾ, ਮਹਿਤਪੁਰ, ਜ਼ਿਲ੍ਹਾ ਜਲੰਧਰ) ਨੂੰ  ਗ੍ਰਿਫ਼ਤਾਰ ਕੀਤਾ।
ਗ੍ਰਿਫ਼ਤਾਰੀਆਂ ਤੋਂ ਬਾਅਦ, ਥਾਣਾ ਸਦਰ ਦੇ ਐਸਐਚਓ ਸੰਜੀਵ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਮੁਲਜ਼ਮਾਂ ਦੀਆਂ ਜਾਇਦਾਦਾਂ ਦੀ ਵਿੱਤੀ ਜਾਂਚ ਸ਼ੁਰੂ ਕੀਤੀ। ਜਾਂਚ ਪੂਰੀ ਹੋਣ ਤੋਂ ਬਾਅਦ ਇਨ੍ਹਾਂ ਜਾਇਦਾਦਾਂ ਨੂੰ ਫ੍ਰੀਜ਼ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਸਮਰੱਥ ਅਧਿਕਾਰੀ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ, ਪੁਲਿਸ ਟੀਮ ਦੀ ਮੌਜੂਦਗੀ ਵਿੱਚ ਮੁਲਜ਼ਮਾਂ ਨੂੰ ਕਾਨੂੰਨੀ ਨੋਟਿਸ ਭੇਜੇ ਗਏ।
ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਵਿੱਚ ਮੁਲਜ਼ਮ ਕੁਲਵਿੰਦਰ ਸਿੰਘ ਦਾ ਐਚਡੀਐਫਸੀ ਬੈਂਕ ਖਾਤਾ ਸ਼ਾਮਲ ਹੈ, ਜਿਸ ਵਿੱਚ 52,532 ਜਮ੍ਹਾਂ ਹਨ। ਇਸ ਤੋਂ ਇਲਾਵਾ, ਦੂਜੇ ਮੁਲਜ਼ਮ ਜਗਦੇਵ ਸਿੰਘ ਦੀ ਪਤਨੀ ਮਨਜੀਤ ਕੌਰ ਦੇ ਨਾਮ ‘ਤੇ 2023 ਵਿੱਚ ਬਣਾਇਆ ਗਿਆ ਇੱਕ ਰਿਹਾਇਸ਼ੀ ਘਰ ਵੀ ਜਾਂਚ ਅਧੀਨ ਹੈ। ਇਹ ਘਰ ਵਾਰਡ ਨੰਬਰ 11, ਰਵੀ ਵਾਲੀ ਕਲੋਨੀ, ਪਿੰਡ ਮਹਿਤਪੁਰ, ਨਕੋਦਰ ਵਿੱਚ ਸਥਿਤ ਹੈ, ਅਤੇ ਇਸਦੀ ਕੀਮਤ 23 ਲੱਖ 95 ਹਜ਼ਾਰ 500 ਦੱਸੀ ਜਾ ਰਹੀ ਹੈ।

LEAVE A REPLY

Please enter your comment!
Please enter your name here