ਪੰਜਾਬ ਕੋਟਕਪੂਰਾ ’ਚ ਬੈਂਕ ਕੈਸ਼ੀਅਰ ’ਤੇ ਰਾੜ ਨਾਲ ਹਮਲਾ/ ਡੇਲੀਵੇਜ਼ ਮੁਲਾਜ਼ਮ ’ਤੇ ਲੱਗੇ ਹਮਲੇ ਦੇ ਇਲਜ਼ਾਮ/ ਸੀਸੀਟੀਵੀ ਤਸਵੀਰਾਂ ਵਾਇਰਲ, ਪੁਲਿਸ ਕਰ ਰਹੀ ਜਾਂਚ By admin - August 7, 2026 0 1 Facebook Twitter Pinterest WhatsApp ਕੋਟਕਪੂਰਾ ਦੇ ਮੋਗਾ ਰੋਡ ਸਥਿਤ ਬੈਂਕ ਆਫ਼ ਬੜੋਦਾ ਦੀ ਸ਼ਾਖਾ ਵਿੱਚ ਡੇਲੀ ਵੇਜ ‘ਤੇ ਕੰਮ ਕਰ ਚੁੱਕੇ ਇੱਕ ਕਰਮਚਾਰੀ ਵੱਲੋਂ ਬੈਂਕ ਦੇ ਕੈਸ਼ੀਅਰ ‘ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਵਿੱਚ ਜ਼ਖ਼ਮੀ ਹੋਏ ਕੈਸ਼ੀਅਰ ਮਨੀਸ਼ ਗੋਇਲ ਨੂੰ ਇਲਾਜ ਲਈ ਸਿਵਲ ਹਸਪਤਾਲ ਕੋਟਕਪੂਰਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸਾਰਾ ਘਟਨਾਕ੍ਰਮ ਬੈਂਕ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਹੈ। ਮਨੀਸ਼ ਗੋਇਲ ਮੁਤਾਬਕ ਮੁਲਜ਼ਮ ਪਹਿਲਾਂ ਵੀ ਧਮਕੀਆਂ ਦੇ ਰਿਹਾ ਸੀ, ਜਿਸ ਦੀ ਇੱਕ ਦਿਨ ਪਹਿਲਾਂ ਲਿਖਤੀ ਤੌਰ ‘ਤੇ ਮੁਆਫ਼ੀ ਵੀ ਮੰਗੀ ਪਰ ਇਸ ਦੇ ਬਾਵਜੂਦ ਅੱਜ ਸਵੇਰੇ ਬੈਂਕ ਪਹੁੰਚਦੇ ਹੀ ਉਸ ਨੇ ਹਮਲਾ ਕਰ ਦਿੱਤਾ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ, ਬੈਂਕ ਵਿੱਚ ਡੇਲੀ ਵੇਜ ‘ਤੇ ਦੋ ਕਰਮਚਾਰੀ ਕੰਮ ਕਰ ਰਹੇ ਸਨ। ਕੁਝ ਦਿਨ ਪਹਿਲਾਂ ਇੱਕ ਪੱਕੇ ਕਰਮਚਾਰੀ ਦੀ ਨਿਯੁਕਤੀ ਹੋਣ ਤੋਂ ਬਾਅਦ ਇੱਕ ਡੇਲੀ ਵੇਜ ਕਰਮਚਾਰੀ ਨੂੰ ਸੇਵਾ ਤੋਂ ਹਟਾ ਦਿੱਤਾ ਗਿਆ। ਬੈਂਕ ਅਧਿਕਾਰੀਆਂ ਨੇ ਪਿੰਡ ਦੇਵੀਵਾਲਾ ਦੇ ਰਹਿਣ ਵਾਲੇ ਕੇ. ਦੀਪ ਸਿੰਘ ਨੂੰ ਭਰੋਸਾ ਦਿਵਾਇਆ ਸੀ ਕਿ ਉਸ ਨੂੰ ਇਲਾਕੇ ਦੀ ਕਿਸੇ ਨੇੜਲੀ ਸ਼ਾਖਾ ਵਿੱਚ ਐਡਜਸਟ ਕਰਵਾ ਦਿੱਤਾ ਜਾਵੇਗਾ। ਇਸ ਦੇ ਬਾਵਜੂਦ ਉਸ ਵੱਲੋਂ ਬੈਂਕ ਕਰਮਚਾਰੀਆਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ। ਬੈਂਕ ਅਧਿਕਾਰੀਆਂ ਮੁਤਾਬਕ ਇੱਕ ਦਿਨ ਪਹਿਲਾਂ ਉਕਤ ਵਿਅਕਤੀ ਅਤੇ ਉਸਦੇ ਪਿਤਾ ਨੂੰ ਬੈਂਕ ਵਿੱਚ ਬੁਲਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਲਿਖਤੀ ਰੂਪ ਵਿੱਚ ਮਾਫ਼ੀ ਵੀ ਮੰਗੀ ਸੀ। ਇਸ ਦੇ ਬਾਵਜੂਦ ਵੀਰਵਾਰ ਸਵੇਰੇ ਜਦੋਂ ਕੈਸ਼ੀਅਰ ਮਨੀਸ਼ ਗੋਇਲ ਆਪਣਾ ਮੋਟਰਸਾਈਕਲ ਖੜ੍ਹਾ ਕਰਕੇ ਬੈਂਕ ਅੰਦਰ ਜਾਣ ਲੱਗੇ ਤਾਂ ਕੇ. ਦੀਪ ਸਿੰਘ ਨੇ ਉਨ੍ਹਾਂ ‘ਤੇ ਗਰਾਰੀ ਵਾਲੀ ਲੋਹੇ ਦੀ ਰਾੜ ਨਾਲ ਹਮਲਾ ਕਰ ਦਿੱਤਾ। ਮਨੀਸ਼ ਗੋਇਲ ਨੇ ਭੱਜ ਕੇ ਆਪਣੀ ਜਾਨ ਬਚਾਈ ਪਰ ਹਮਲੇ ਦੌਰਾਨ ਉਨ੍ਹਾਂ ਦੀ ਬਾਂਹ ‘ਤੇ ਸੱਟ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਮਾਮਲੇ ਬੈਂਕ ਮੈਨੇਜਰ ਨੇ ਕਿਹਾ ਕਿ ਮੁਲਜ਼ਮ 2 ਦਿਨ ਪਹਿਲਾਂ ਵੀ ਸ਼ਰਾਬ ਪੀ ਕੇ ਬੈਂਕ ਵਿਚ ਆਇਆ ਸੀ।