ਜਲੰਧਰ ’ਚ ਸਿਹਤ ਵਿਭਾਗ ਦਾ ਮਿਲਾਵਟਖੋਰਾਂ ’ਤੇ ਐਕਸ਼ਨ/ 1000 ਕਿੱਲੋ ਮਿਲਾਵਟੀ ਪਨੀਰ ਤੇ 68 ਕਿੱਲੋ ਕਰੀਮ ਜ਼ਬਤ/ ਜ਼ਬਤ ਸਾਮਾਨ ਦੇ ਸੈਂਪਲ ਲੇਬਰਟਰੀ ’ਚ ਭੇਜ ਕੇ ਜਾਂਚ ਆਰੰਭੀ

0
1

ਸਿਹਤ ਵਿਭਾਗ ਨੇ ਜਲੰਧਰ ਸ਼ਹਿਰ ਅੰਦਰ ਮਿਲਾਵਟਖੋਰਾਂ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਇਸੇ ਤਹਿਤ ਫੂਡ ਸੇਫਟੀ ਟੀਮ ਨੇ ਜਮਸ਼ੇਰ ਡੇਅਰੀ ਕੰਪਲੈਕਸ ਅਤੇ ਮਾਡਲ ਹਾਊਸ ਵਿਖੇ ਇੱਕ ਪਨੀਰ ਸਪਲਾਇਰ ਦੀ ਦੁਕਾਨ ‘ਤੇ ਛਾਪੇਮਾਰੀ ਕਰ ਕੇ ਭਾਰੀ ਮਾਤਰਾ ਵਿਚ ਸ਼ੱਕੀ ਪਨੀਰ ਤੇ ਹੋਰ ਡੇਅਰੀ ਸਾਮਾਨ ਬਰਾਮਦ ਕੀਤਾ ਹੈ। ਟੀਮ ਨੇ ਲਗਭਗ 1000 ਕਿਲੋ ਪਨੀਰ ਅਤੇ 68 ਕਿਲੋ ਕਰੀਮ ਸੀਲ ਕਰ ਕੇ ਜ਼ਬਤ ਕੀਤੀ ਗਈ। ਵਿਭਾਗ ਨੇ ਕੁੱਲ ਨੌਂ ਨਮੂਨੇ ਜਾਂਚ ਲਈ ਸਟੇਟ ਫੂਡ ਲੈਬਾਰਟਰੀ ਨੂੰ ਭੇਜੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਫੂਡ ਸੇਫਟੀ ਰਜਿੰਦਰ ਪਾਸ ਸਿੰਘ ਨੇ ਦੱਸਿਆ ਕਿ ਭੇਜੇ ਗਏ ਸੈਪਲਾਂ ਦੀ ਜਾਂਚ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਵਿਭਾਗੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਕਾਰਵਾਈ ਸਿਹਤ ਵਿਭਾਗ ਦੇ ਅਧਿਕਾਰੀ ਕੰਵਲਪ੍ਰੀਤ ਕੌਰ ਬਰਾੜ ਅਤੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਨਿਗਰਾਨੀ ਹੇਠ ਅਤੇ ਫੂਡ ਕਮਿਸ਼ਨਰ ਰਾਜਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੇ ਆਦੇਸ਼ਾਂ ਹੇਠ ਕੀਤੀ ਗਈ। ਛਾਪੇਮਾਰੀ ਦੌਰਾਨ, ਮਾਡਲ ਹਾਊਸ ਵਿੱਚ ਸਥਿਤ ਚਾਵਲਾ ਡੇਅਰੀ, ਜੋ ਕਿ ਸ਼ਹਿਰ ਨੂੰ ਪਨੀਰ ਸਪਲਾਈ ਕਰਦੀ ਹੈ, ਦਾ ਨਿਰੀਖਣ ਕੀਤਾ ਗਿਆ। ਜੇਅਰੀ ਮਾਲਕ ਮੁਤਾਬਕ ਦੁੱਧ ਅਤੇ ਦੁੱਧ ਉਤਪਾਦਾਂ ਦਾ ਉਤਪਾਦਨ ਕਾਲਾ ਸੰਘਿਆ ਰੋਡ ‘ਤੇ ਸਥਿਤ ਉਸਦੀ ਯੂਨਿਟ ਵਿੱਚ ਹੁੰਦਾ ਹੈ। ਜਦੋਂ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਘਿਓ ਅਤੇ ਦਹੀਂ ਦਾ ਉਤਪਾਦਨ ਕੀਤਾ ਜਾ ਰਿਹਾ ਸੀ, ਪਰ ਕੋਈ ਪਨੀਰ ਨਹੀਂ ਬਣਾਇਆ ਜਾ ਰਿਹਾ ਸੀ।
ਵਿਭਾਗ ਦੇ ਅਨੁਸਾਰ ਪਨੀਰ ਦੇ ਉਤਪਾਦਨ ਸੰਬੰਧੀ ਅਸੰਤੋਸ਼ਜਨਕ ਜਵਾਬ ਮਿਲਣ ਤੋਂ ਬਾਅਦ, ਦੋ ਪਨੀਰ, ਇੱਕ ਕਰੀਮ, ਇੱਕ ਘਿਓ ਅਤੇ ਇੱਕ ਦਹੀਂ ਦੇ ਨਮੂਨੇ ਲਏ ਗਏ। ਪਨੀਰ ਅਤੇ ਕਰੀਮ ਵਿੱਚ ਮਿਲਾਵਟ ਦੇ ਸ਼ੱਕ ਦੇ ਆਧਾਰ ‘ਤੇ, ਪੂਰੇ ਸਟਾਕ ਨੂੰ ਸੀਲ ਕਰ ਦਿੱਤਾ ਗਿਆ। ਇਸ ਤੋਂ ਇਲਾਵਾ, ਜਮਸ਼ੇਰ ਡੇਅਰੀ ਕੰਪਲੈਕਸ ਵਿਖੇ ਸਥਿਤ ਰਾਧੇ ਡੇਅਰੀ, ਲਵਲੀ ਡੇਅਰੀ ਅਤੇ ਸਤਪਾਲ ਡੇਅਰੀ ਤੋਂ ਤਿੰਨ ਦੁੱਧ ਅਤੇ ਇੱਕ ਘਿਓ ਦਾ ਨਮੂਨਾ ਲਿਆ ਗਿਆ। ਸਾਰੇ ਨਮੂਨੇ ਜਾਂਚ ਲਈ ਸਟੇਟ ਫੂਡ ਲੈਬਾਰਟਰੀ ਨੂੰ ਭੇਜ ਦਿੱਤੇ ਗਏ ਹਨ। ਫੂਡ ਸੇਫਟੀ ਵਿਭਾਗ ਨੇ ਫੂਡ ਐਨਾਲਿਸਟ ਨੂੰ ਸੀਲ ਕੀਤੇ ਸਟਾਕ ਬਾਰੇ ਜਲਦੀ ਹੀ ਰਿਪੋਰਟ ਦੇਣ ਲਈ ਵੀ ਲਿਖਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਰਿਪੋਰਟ ਮਿਲਣ ‘ਤੇ, ਸਬੰਧਤ ਡੇਅਰੀ ਸੰਚਾਲਕਾਂ ਵਿਰੁੱਧ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਤਹਿਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here