ਗੁਰਦਾਸਪੁਰ ਭਾਜਪਾ ਦਾ ਅੰਦਰੂਨੀ ਕਲੇਸ਼ ਵਧਣ ਦੇ ਆਸਾਰ/ ਜ਼ਿਲ੍ਹਾ ਪ੍ਰਭਾਰੀ ਸੂਰਜ ਭਾਰਦਵਾਜ ਨੂੰ ਬਦਲਣ ਦੀ ਉੱਠੀ ਮੰਗ/ ਤਿੰਨ ਮੰਡਲ ਪ੍ਰਧਾਨਾਂ ਸਮੇਤ ਅਹੁਦੇਦਾਰਾਂ ਨੇ ਖੋਲ੍ਹਿਆ ਮੋਰਚਾ

0
1

ਗੁਰਦਾਸਪੁਰ ਜ਼ਿਲ੍ਹੇ ਅੰਦਰ ਭਾਜਪਾ ਦਾ ਅੰਦਰੂਨੀ ਕਲੇਸ਼ ਜੱਗ ਜਾਹਰ ਹੋਣ ਲੱਗਾ ਹੈ। ਇੱਥੇ ਤਿੰਨ ਮੰਡਲ ਪ੍ਰਧਾਨਾਂ ਨੇ ਜ਼ਿਲ੍ਹਾ ਪ੍ਰਭਾਰੀ ਸੂਰਜ ਭਾਰਜਵਾਜ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਮੰਡਲ ਪ੍ਰਧਾਨਾਂ ਨੇ ਜਿਲ੍ਹਾ ਪ੍ਰਭਾਰੀ ਨੂੰ ਨਾ ਬਦਲਣ ਦੀ ਸੂਰਤ ਵਿਚ ਅਹੁਦੇਦਾਰਾਂ ਸਮੇਤ ਅਸਤੀਫੇ ਦੇਣ ਦੀ ਚਿਤਾਵਨੀ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਆਗੂ ਐਡਵੋਕੇਟ ਆਰ ਕੇ ਨਡਾਲਾ ਨੇ ਕਿਹਾ ਕਿ ਉਨ੍ਹਾਂ ਦਾ ਭਾਜਪਾ ਦੀ ਵਿਚਾਰਧਾਰਾ ਨਾਲ ਕੋਈ ਮਤਭੇਦ ਨਹੀਂ ਹੈ, ਪਰ ਵਰਕਰਾਂ ਦਾ ਸਨਮਾਨ ਸਭ ਤੋਂ ਵੱਧ ਮਹੱਤਵਪੂਰਨ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਪਹਿਲਾਂ ਵੀ ਸੂਬਾ ਲੀਡਰਸ਼ਿਪ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ, ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਪਾਰਟੀ ਹਾਈਕਮਾਨ ਤੋਂ ਤੁਰੰਤ ਦਖ਼ਲ ਦੇ ਕੇ ਮਾਮਲੇ ਦਾ ਹੱਲ ਕਰਨ ਦੀ ਮੰਗ ਕੀਤੀ।
ਦੀਨਾਨਗਰ ਭਾਜਪਾ ਦੇ ਸਾਬਕਾ ਐੱਸ.ਸੀ. ਮੋਰਚਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਆਰ.ਕੇ. ਨਡਾਲਾ ਦੀ ਅਗਵਾਈ ਹੇਠ ਕਰਵਾਈ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਵਿਰੋਧ ਭਾਰਤੀ ਜਨਤਾ ਪਾਰਟੀ ਨਾਲ ਨਹੀਂ, ਸਗੋਂ ਜ਼ਿਲ੍ਹਾ ਪ੍ਰਭਾਰੀ ਦੀ ਕਾਰਜਪ੍ਰਣਾਲੀ ਨਾਲ ਹੈ। ਅਹੁਦੇਦਾਰਾਂ ਨੇ ਦੋਸ਼ ਲਗਾਇਆ ਕਿ ਵਰਕਰਾਂ ਦੀ ਲਗਾਤਾਰ ਅਣਦੇਖੀ, ਸੰਗਠਨ ਵਿੱਚ ਮਨਮਰਜ਼ੀ, ਇੱਕ ਹੀ ਪਰਿਵਾਰ ਨੂੰ ਤਰਜੀਹ ਦੇਣਾ ਅਤੇ ਹੜ੍ਹ ਰਾਹਤ ਸਮੱਗਰੀ ਦੀ ਵੰਡ ਵਿੱਚ ਲਾਪਰਵਾਹੀ ਕਾਰਨ ਵਰਕਰਾਂ ਵਿੱਚ ਭਾਰੀ ਅਸੰਤੁਸ਼ਟੀ ਪੈਦਾ ਹੋਈ ਹੈ। ਇਸ ਮੌਕੇ ਮੰਡਲ ਪ੍ਰਧਾਨ ਆਪਣੇ ਅਸਤੀਫ਼ੇ ਨਾਲ ਲੈ ਕੇ ਪਹੁੰਚੇ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਜ਼ਿਲ੍ਹਾ ਪ੍ਰਭਾਰੀ ਨੂੰ ਨਾ ਬਦਲਿਆ ਗਿਆ ਤਾਂ ਉਹ ਆਪਣੇ ਸਮਰਥਕਾਂ ਸਮੇਤ ਸਮੂਹਿਕ ਤੌਰ ‘ਤੇ ਪਾਰਟੀ ਤੋਂ ਅਸਤੀਫ਼ਾ ਦੇ ਦੇਣਗੇ।

LEAVE A REPLY

Please enter your comment!
Please enter your name here