ਅੰਮ੍ਰਿਤਸਰ ਦੇ ਹਲਕਾ ਦੱਖਣੀ ‘ਚ ਅਕਾਲੀ ਦਲ ਨੂੰ ਝਟਕਾ/ ਸਿਮਰਨ ਜੌੜਾ ਸਾਥੀਆਂ ਸਮੇਤ ਆਪ ’ਚ ਸ਼ਾਮਲ/ ਕਈ ਅਕਾਲੀ ਤੇ ਕਾਂਗਰਸੀ ਪਰਿਵਾਰਾਂ ਨੇ ਵੀ ਫੜਿਆ ਪੱਲਾ

0
1

ਅੰਮ੍ਰਿਤਸਰ ਦੇ ਹਲਕਾ ਦੱਖਣੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ, ਜਦੋਂ SOI ਮਾਝਾ ਜ਼ੋਨ ਦੇ ਜਨਰਲ ਸਕੱਤਰ ਸਿਮਰਨ ਜੌੜਾ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਸਿਮਰਨ ਜੌੜਾ ਦੇ ਨਾਲ ਕਰੀਬ 25 ਅਕਾਲੀ ਅਤੇ ਕਾਂਗਰਸੀ ਪਰਿਵਾਰਾਂ ਨੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੀ ‘ਆਪ’ ਵਿੱਚ ਸ਼ਾਮਲ ਹੋਈਆਂ। ਹਲਕਾ ਦੱਖਣੀ ਤੋਂ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਿਮਰਨ ਜੌੜਾ ਦੇ ਘਰ ਪਹੁੰਚ ਕੇ ਨਵੇਂ ਸ਼ਾਮਲ ਹੋਏ ਪਰਿਵਾਰਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ।
ਇਸ ਮੌਕੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਬਣਾਇਆ ਗਿਆ ਕਾਨੂੰਨ ਵੀ ਲੋਕਾਂ ਨੂੰ ਪਾਰਟੀ ਵੱਲ ਆਕਰਸ਼ਿਤ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਲਕਾ ਦੱਖਣੀ ਨੂੰ ਪੰਥਕ ਇਲਾਕੇ ਵਜੋਂ ਜਾਣਿਆ ਜਾਂਦਾ ਹੈ ਅਤੇ ਇੱਥੋਂ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹਨ।
ਉਧਰ, ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਿਮਰਨ ਜੌੜਾ ਨੇ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਸਨ, ਪਰ ਪਾਰਟੀ ਵਿੱਚ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਪਾਰਟੀ ਦੇ ਵਿਧਾਇਕ ਦੇ ਪੀਏ ਵੱਲੋਂ ਵਰਕਰਾਂ ਨੂੰ ਵਿਧਾਇਕ ਨਾਲ ਮਿਲਣ ਦਾ ਮੌਕਾ ਵੀ ਨਹੀਂ ਦਿੱਤਾ ਜਾਂਦਾ ਸੀ। ਇਸੇ ਦੇ ਚਲਦਿਆਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਇਸ ਮੌਕੇ ਵਾਰਡ ਇੰਚਾਰਜ ਸ਼ੇਰ ਸਿੰਘ ਨੇ ਕਿਹਾ ਕਿ ਸਿਮਰਨ ਜੌੜਾ ਪਿਛਲੇ ਚਾਰ ਸਾਲਾਂ ਤੋਂ ਉਨ੍ਹਾਂ ਦੇ ਸੰਪਰਕ ਵਿੱਚ ਸਨ ਅਤੇ ਅੱਜ ਆਖਿਰਕਾਰ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਰ ਵਰਕਰ ਨੂੰ ਬਣਦਾ ਮਾਣ-ਸਨਮਾਨ ਦਿੰਦੀ ਹੈ।

LEAVE A REPLY

Please enter your comment!
Please enter your name here