ਸਮਰਾਲਾ ਦੇ ਸਰਕਾਰੀ ਸਕੂਲ ਦੀ ਵੀਡੀਓ ਵਾਇਰਲ/ ਕੋਠੀਆਂ ਦੇ ਗੇਟ ਟੱਪਦਗੇ ਦਿਖਾਈ ਦਿੱਤੇ ਵਿਦਿਆਰਥੀ/ ਸਕੂਲ ਪ੍ਰਸ਼ਾਸਨ ਵੱਲੋਂ ਬਣਦੀ ਕਾਰਵਾਈ ਦਾ ਭਰੋਸਾ

0
2

ਸਮਰਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਕੂਲ ਵਿਚੋਂ ਬੰਕ ਮਾਰ ਕੇ ਆਵਾਰਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਸਮਾਜ ਸੇਵੀ ਨੇ ਵਿਦਿਆਰਥੀਆਂ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਹੈ, ਜਿਸ ਵਿਚ ਸਕੂਲੀ ਵਰਦੀ ਵਿਚ ਵਿਦਿਆਰਥੀ ਇਕ ਬੰਦ ਪਈ ਕੋਠੀ ਦਾ ਗੇਟ ਟੱਪ ਕੇ ਅੰਦਰ ਦਾਖਲ ਹੁੰਦੇ ਦਿਖਾਈ ਦੇ ਰਹੇ ਹਨ। ਸਮਾਜ ਸੇਵੀ ਤੇ ਸਥਾਨਕ ਦੁਕਾਨਦਾਰਾਂ ਨੇ ਵਿਦਿਆਰਥੀਆਂ ਵੱਲੋਂ ਕਥਿਤ ਤੌਰ ਤੇ ਹੁੱਲੜਬਾਜ਼ੀ ਕਰਨ ਅਤੇ ਅਸ਼ਲੀਲ ਸ਼ਬਦਾਵਲੀ ਦੀ ਵਰਤੋਂ ਕਰਨ ਦੇ ਇਲਜ਼ਾਮ ਲਾਏ ਹਨ। ਇਸ ਸਬੰਧੀ ਪੁੱਛੇ ਜਾਣ ਤੇ ਸਕੂਲ ਅਧਿਆਪਕਾ ਨੇ ਕਿਹਾ ਕਿ ਸਕੂਲ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਅੰਦਰ ਅਨੁਸ਼ਾਸ਼ਨ ਕਾਇਮ ਰੱਖਣ ਦੀਆਂ ਲਗਾਤਾਰ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ ਅਤੇ ਅੱਗੇ ਤੋਂ ਵੀ ਪੁਖਤਾ ਕਦਮ ਚੁੱਕੇ ਜਾਣਗੇ।
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਮਾਜ ਸੇਵੀ ਗੁਰਪ੍ਰੀਤ ਗੋਪਨ ਨੇ ਵੀ ਆਪਣਾ ਪੱਖ ਮੀਡੀਆ ਸਾਹਮਣੇ ਰੱਖਿਆ ਹੈ। ਸਮਾਜ ਸੇਵੀ ਮੁਤਾਬਕ ਕੁਝ ਵਿਦਿਆਰਥੀ ਸਕੂਲ ਸਮੇਂ ਦੌਰਾਨ ਕਲਾਸਾਂ ਤੋਂ ਬੰਕ ਮਾਰ ਕੇ ਸਕੂਲ ਦੇ ਪਿਛਲੇ ਪਾਸੇ ਸਥਿਤ ਬੰਦ ਪਈਆਂ ਕੋਠੀਆਂ ਵਿੱਚ ਇਕੱਠੇ ਹੁੰਦੇ ਹਨ, ਜਿੱਥੇ ਕਥਿਤ ਤੌਰ ‘ਤੇ ਹੁੱਲੜਬਾਜ਼ੀ, ਭੰਨ-ਤੋੜ ਅਤੇ ਅਸ਼ਲੀਲ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ।  ਗੁਰਪ੍ਰੀਤ ਗੋਪਨ ਨੇ ਕਿਹਾ ਕਿ ਜੇਕਰ ਵਿਦਿਆਰਥੀ ਸਕੂਲ ਸਮੇਂ ਦੌਰਾਨ ਕੈਂਪਸ ਤੋਂ ਬਾਹਰ ਨਿਕਲ ਰਹੇ ਹਨ ਤਾਂ ਇਹ ਸੁਰੱਖਿਆ ਅਤੇ ਅਨੁਸ਼ਾਸਨ ਨਾਲ ਜੁੜਿਆ ਗੰਭੀਰ ਮਾਮਲਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਰੋਜ਼ਾਨਾ 8ਵੀਂ ਤੋਂ 12ਵੀਂ ਜਮਾਤ ਤੱਕ ਦੇ ਕਰੀਬ 15 ਤੋਂ 20 ਵਿਦਿਆਰਥੀ ਇਸ ਬੰਦ ਕੋਠੀ ਵਿੱਚ ਜਾਂਦੇ ਹਨ, ਜਿਸ ਨਾਲ ਇਲਾਕੇ ਦੇ ਲੋਕਾਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।
ਬੰਦ ਪਈ ਕੋਠੀ ਦੇ ਮਾਲਕ ਰਾਜਵੀਰ ਮਾਂਗਟ ਨੇ ਦੋਸ਼ ਲਗਾਇਆ ਕਿ ਉਹ ਪਹਿਲਾਂ ਵੀ ਇਸ ਸਬੰਧੀ ਸਕੂਲ ਪ੍ਰਬੰਧਨ ਨੂੰ ਕਈ ਵਾਰ ਸ਼ਿਕਾਇਤਾਂ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੁਝ ਵਿਦਿਆਰਥੀਆਂ ਵੱਲੋਂ ਕੋਠੀ ਦੇ ਸ਼ੀਸ਼ੇ, ਦਰਵਾਜ਼ਿਆਂ ਅਤੇ ਹੋਰ ਸਮਾਨ ਦੀ ਭੰਨ-ਤੋੜ ਕੀਤੀ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਂਚ ਕਰਵਾ ਕੇ ਲੋੜੀਂਦੀ ਕਾਰਵਾਈ ਦੀ ਮੰਗ ਕੀਤੀ ਹੈ।
ਉਧਰ, ਸਕੂਲ ਦੀ ਅਧਿਆਪਕਾ ਮਨਜੀਤ ਕੌਰ ਨੇ ਕਿਹਾ ਕਿ ਸਕੂਲ ਵਿੱਚ ਕਰੀਬ ਇੱਕ ਹਜ਼ਾਰ ਵਿਦਿਆਰਥੀ ਪੜ੍ਹਦੇ ਹਨ ਅਤੇ ਹਰ ਰੋਜ਼ ਅਨੁਸ਼ਾਸਨ ਸਬੰਧੀ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦੇ ਪਿਛਲੇ ਹਿੱਸੇ ਵਿੱਚ ਉਸਾਰੀ ਕਾਰਨ ਕੁਝ ਥਾਵਾਂ ‘ਤੇ ਕੰਧਾਂ ਨੀਵੀਆਂ ਹਨ, ਜਿਸ ਦਾ ਕੁਝ ਸ਼ਰਾਰਤੀ ਵਿਦਿਆਰਥੀ ਗਲਤ ਫ਼ਾਇਦਾ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਨ ਨੇ ਕੰਧਾਂ ਉੱਚੀਆਂ ਕਰਨ, ਲੋਹੇ ਦੇ ਐਂਗਲ ਲਗਾਉਣ, ਸੀਸੀਟੀਵੀ ਕੈਮਰਿਆਂ ਦੀ ਗਿਣਤੀ ਵਧਾਉਣ ਅਤੇ ਨਿਗਰਾਨੀ ਹੋਰ ਸਖ਼ਤ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

LEAVE A REPLY

Please enter your comment!
Please enter your name here