ਪੰਜਾਬ ਹਵਾਬਾਜ਼ੀ ਮੰਤਰਾਲੇ ਦਾ ਪੰਜਾਬ ਵਾਸੀਆਂ ਨੂੰ ਤੋਹਫਾ/ ਅੰਮ੍ਰਿਤਸਰ ਤੋਂ ਈਜ਼ੀ ਕਨੈਕਟ ਉਡਾਣਾਂ ਦੀ ਕੀਤੀ ਸ਼ੁਰੂਆਤ/ 27 ਅੰਤਰਰਾਸ਼ਟਰੀ ਸ਼ਹਿਰਾਂ ਨਾਲ ਸਿੱਧਾ ਜੁੜੇਗਾ ਪੰਜਾਬ By admin - July 28, 2026 0 1 Facebook Twitter Pinterest WhatsApp ਏਅਰ ਇੰਡੀਆ ਨੇ ਪੰਜਾਬ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਕੰਪਨੀ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਪਣੀ ਨਵੀਂ ‘ਈਜ਼ੀ ਕਨੈਕਟ’ ਸੇਵਾ ਦੀ ਸ਼ੁਰੂਆਤ ਕਰ ਦਿੱਤੀ ਹੈ। ਭਾਰਤ ਸਰਕਾਰ ਦੇ ਹੱਬ-ਐਂਡ-ਸਪੋਕ ਮਾਡਲ ਤਹਿਤ ਸ਼ੁਰੂ ਕੀਤੀ ਗਈ ਇਹ ਸੇਵਾ ਪੰਜਾਬ ਦੇ ਯਾਤਰੀਆਂ ਨੂੰ ਦੁਨੀਆ ਭਰ ਦੇ 27 ਅੰਤਰਰਾਸ਼ਟਰੀ ਸ਼ਹਿਰਾਂ ਨਾਲ ਸੁਵਿਧਾਜਨਕ ਢੰਗ ਨਾਲ ਜੋੜੇਗੀ। ਇਸ ਯੋਜਨਾ ਨਾਲ ਯਾਤਰੀਆਂ ਨੂੰ ਵਿਦੇਸ਼ ਯਾਤਰਾ ਦੌਰਾਨ ਦਿੱਲੀ ਹਵਾਈ ਅੱਡੇ ‘ਤੇ ਮੁੜ ਚੈਕ-ਇਨ, ਬੈਗੇਜ ਟ੍ਰਾਂਸਫਰ ਜਾਂ ਟਰਮੀਨਲ ਬਦਲਣ ਦੀ ਲੋੜ ਨਹੀਂ ਪਵੇਗੀ। ਇਸ ਸੇਵਾ ਦਾ ਉਦਘਾਟਨ ਭਾਰਤ ਸਰਕਾਰ ਦੇ ਨਾਗਰਿਕ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਨੇ ਕੀਤਾ। ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੋਂ ਇਸ ਮਾਡਲ ਦੀ ਸ਼ੁਰੂਆਤ ਦੇਸ਼ ਦੇ ਹਵਾਬਾਜ਼ੀ ਖੇਤਰ ਵਿੱਚ ਵੱਡਾ ਬਦਲਾਅ ਲਿਆਵੇਗੀ ਅਤੇ ਵਿਸ਼ਵ ਪੱਧਰੀ ਹਵਾਈ ਸੇਵਾਵਾਂ ਹੁਣ ਸਿਰਫ਼ ਮਹਾਂਨਗਰਾਂ ਤੱਕ ਸੀਮਿਤ ਨਹੀਂ ਰਹਿਣਗੀਆਂ, ਸਗੋਂ ਦੇਸ਼ ਦੇ ਹਰ ਖੇਤਰ ਦੇ ਲੋਕਾਂ ਨੂੰ ਇਸਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦਾ ਉੱਤਰੀ ਅਮਰੀਕਾ, ਯੂਨਾਈਟਿਡ ਕਿੰਗਡਮ, ਯੂਰਪ, ਆਸਟ੍ਰੇਲੀਆ ਅਤੇ ਹੋਰ ਕਈ ਦੇਸ਼ਾਂ ਨਾਲ ਸੰਪਰਕ ਹੋਰ ਮਜ਼ਬੂਤ ਹੋਵੇਗਾ ਅਤੇ ਸੈਰ-ਸਪਾਟੇ, ਵਪਾਰ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਨਵਾਂ ਹੁਲਾਰਾ ਮਿਲੇਗਾ। ‘ਈਜ਼ੀ ਕਨੈਕਟ’ ਤਹਿਤ ਅੰਮ੍ਰਿਤਸਰ ਤੋਂ ਦਿੱਲੀ ਲਈ ਹਰ ਰੋਜ਼ ਦੋ ਉਡਾਣਾਂ ਚਲਾਈਆਂ ਜਾਣਗੀਆਂ। ਪਹਿਲੀ ਉਡਾਣ ਏਆਈ-1113 ਸਵੇਰੇ 9:10 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ 10:40 ਵਜੇ ਦਿੱਲੀ ਪਹੁੰਚੇਗੀ, ਜਦਕਿ ਦੂਜੀ ਉਡਾਣ ਏਆਈ-1115 ਰਾਤ 10:00 ਵਜੇ ਉਡਾਣ ਭਰੇਗੀ ਅਤੇ 11:20 ਵਜੇ ਦਿੱਲੀ ਪਹੁੰਚੇਗੀ। ਇਨ੍ਹਾਂ ਉਡਾਣਾਂ ਰਾਹੀਂ ਯਾਤਰੀ ਲੰਡਨ, ਪੈਰਿਸ, ਫ੍ਰੈਂਕਫਰਟ, ਰੋਮ, ਨਿਊਯਾਰਕ, ਟੋਰਾਂਟੋ, ਵੈਨਕੂਵਰ, ਮੈਲਬੋਰਨ, ਸਿਡਨੀ, ਦੁਬਈ, ਸਿੰਗਾਪੁਰ ਅਤੇ ਬਾਲੀ ਸਮੇਤ 27 ਅੰਤਰਰਾਸ਼ਟਰੀ ਮੰਜ਼ਿਲਾਂ ਲਈ ਆਸਾਨੀ ਨਾਲ ਅੱਗੇ ਦੀ ਯਾਤਰਾ ਕਰ ਸਕਣਗੇ। ਇਸ ਯੋਜਨਾ ਅਧੀਨ ਯਾਤਰੀ ਅੰਮ੍ਰਿਤਸਰ ਹਵਾਈ ਅੱਡੇ ‘ਤੇ ਹੀ ਆਪਣੀ ਆਖਰੀ ਮੰਜ਼ਿਲ ਤੱਕ ਚੈਕ-ਇਨ ਕਰ ਸਕਣਗੇ ਅਤੇ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਵੀ ਇੱਥੇ ਹੀ ਪੂਰੀ ਕਰ ਲੈਣਗੇ। ਇਸ ਨਾਲ ਦਿੱਲੀ ਵਿੱਚ ਉਨ੍ਹਾਂ ਨੂੰ ਨਾ ਤਾਂ ਮੁੜ ਬੈਗੇਜ ਲੈ ਕੇ ਚੈਕ-ਇਨ ਕਰਨਾ ਪਵੇਗਾ ਅਤੇ ਨਾ ਹੀ ਟਰਮੀਨਲ ਬਦਲਣਾ ਪਵੇਗਾ। ਇਸ ਕਾਰਨ ਯਾਤਰਾ ਹੋਰ ਸੁਵਿਧਾਜਨਕ ਅਤੇ ਸਮੇਂ ਦੀ ਬਚਤ ਵਾਲੀ ਬਣੇਗੀ। ਇਸ ਮੌਕੇ ਨਾਗਰਿਕ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਸਮੀਰ ਕੁਮਾਰ ਸਿੰਹਾ, ਵਧੀਕ ਸਕੱਤਰ ਪੁਨੀਤ ਕਾਂਸਲ, ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੇ ਚੇਅਰਮੈਨ ਵਿਪਿਨ ਕੁਮਾਰ, ਏਅਰ ਇੰਡੀਆ ਦੇ ਗਰੁੱਪ ਹੈੱਡ ਪੀ. ਬਾਲਾਜੀ ਸਮੇਤ ਕਈ ਸੀਨੀਅਰ ਅਧਿਕਾਰੀ ਅਤੇ ਹਵਾਈ ਅੱਡੇ ਨਾਲ ਜੁੜੇ ਹਿੱਸੇਦਾਰ ਵੀ ਹਾਜ਼ਰ ਸਨ। ਏਅਰ ਇੰਡੀਆ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਬਾਅਦ ਇਹ ‘ਈਜ਼ੀ ਕਨੈਕਟ’ ਸੇਵਾ ਵਾਰਾਣਸੀ, ਅਹਿਮਦਾਬਾਦ, ਗੋਆ, ਕੋਚੀ ਅਤੇ ਹੋਰ ਕਈ ਸ਼ਹਿਰਾਂ ਤੱਕ ਵੀ ਪੜਾਅਵਾਰ ਤਰੀਕੇ ਨਾਲ ਸ਼ੁਰੂ ਕੀਤੀ ਜਾਵੇਗੀ। ਇਸ ਪਹਿਲ ਦਾ ਮੁੱਖ ਉਦੇਸ਼ ਵਿਦੇਸ਼ੀ ਟ੍ਰਾਂਜ਼ਿਟ ਹੱਬਾਂ ਦੀ ਥਾਂ ਭਾਰਤੀ ਹਵਾਈ ਅੱਡਿਆਂ ਨੂੰ ਗਲੋਬਲ ਕਨੈਕਟੀਵਿਟੀ ਦਾ ਕੇਂਦਰ ਬਣਾਉਣਾ ਅਤੇ ਭਾਰਤੀ ਯਾਤਰੀਆਂ ਨੂੰ ਆਪਣੇ ਦੇਸ਼ ਤੋਂ ਹੀ ਵਿਸ਼ਵ ਪੱਧਰੀ ਯਾਤਰਾ ਦਾ ਆਸਾਨ ਅਨੁਭਵ ਮੁਹੱਈਆ ਕਰਵਾਉਣਾ ਹੈ।