ਖਾਲਸਾ ਏਡ ਮੁਖੀ ਤੇ ਜਥੇਦਾਰ ਗੜਗੱਜ ਵਿਚਾਲੇ ਮੁਲਾਕਾਤ/ ਪੰਜਾਬ ਅੰਦਰ ਸਕੂਲ, ਹਸਪਤਾਲ ਖੋਲ੍ਹਣ ਦੀ ਸਲਾਹ/ ਖਾਲਸਾ ਏਡ ਵੱਲੋਂ ਵਿਚਾਰ ਕਰਨ ਦੀ ਸਹਿਮਤੀ

0
4

ਖ਼ਾਲਸਾ ਏਡ ਸੰਸਥਾ ਦੇ ਸੰਸਥਾਪਕ ਰਵੀ ਸਿੰਘ ਖ਼ਾਲਸਾ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਲੰਡਨ ਯੂਕੇ ਫੇਰੀ ਦੌਰਾਨ ਉਨ੍ਹਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਰਵੀ ਸਿੰਘ ਖ਼ਾਲਸਾ ਨੇ ਖ਼ਾਲਸਾ ਏਡ ਵੱਲੋਂ ਮਨੁੱਖਤਾ ਦੀ ਭਲਾਈ ਦੇ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਦੋਵਾਂ ਵਿਚਕਾਰ ਸਰਬੱਤ ਦੇ ਭਲੇ ਦੇ ਸਿਧਾਂਤ ਤਹਿਤ ਸੇਵਾ ਕਾਰਜ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਜਾਰੀ ਰੱਖਣ ਅਤੇ ਇਨ੍ਹਾਂ ਨੂੰ ਦੁਨੀਆ ਦੇ ਸਾਹਮਣੇ ਮੀਡੀਆ ਰਾਹੀਂ ਪੇਸ਼ ਕਰਨ ਸਬੰਧੀ ਵਿਚਾਰ ਵੀ ਹੋਈ। ਜਥੇਦਾਰ ਨੇ ਖਾਲਸਾ ਏਡ ਨੂੰ ਪੰਜਾਬ ਅੰਦਰ ਹਸਪਤਾਲ ਤੇ ਸਕੂਲ ਖੋਲ੍ਹਣ ਦੀ ਸਲਾਹ ਦਿੱਤੀ। ਰਵੀ ਸਿੰਘ ਖਾਲਸਾ ਨੇ ਜਤੇਦਾਰ ਨੂੰ ਇਸ ਸਲਾਹ ਉਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ. ਰਵੀ ਸਿੰਘ ਨੂੰ ਖ਼ਾਲਸਾ ਏਡ ਵੱਲੋਂ ਚੱਲ ਰਹੇ ਸੇਵਾ ਕਾਰਜਾਂ ਦੇ ਨਾਲ-ਨਾਲ ਪੰਜਾਬ ਅੰਦਰ ਮਾਝਾ ਜਾਂ ਮਾਲਵਾ ਖੇਤਰ ਵਿੱਚ ਅਜਿਹੀ ਥਾਂ ਉੱਤੇ ਇੱਕ ਉੱਚ ਪੱਧਰੀ ਸਿਹਤ ਸਹੂਲਤਾਂ ਵਾਲਾ ਹਸਪਤਾਲ ਖੋਲ੍ਹਣ ਲਈ ਸਲਾਹ ਦਿੱਤੀ ਜਿੱਥੋਂ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਹੋ ਸਕੇ।
ਇਸੇ ਤਰ੍ਹਾਂ ਸਿੰਘ ਸਾਹਿਬ ਨੇ ਰਵੀ ਸਿੰਘ ਨੂੰ ਪੰਜਾਬ ਦੇ ਬਾਰਡਰ ਇਲਾਕੇ ਵਿੱਚ ਸਕੂਲ ਸਥਾਪਤ ਕਰਨ ਲਈ ਵੀ ਆਖਿਆ। ਰਵੀ ਸਿੰਘ ਖਾਲਸਾ ਨੇ ਹਾਂ ਪੱਖੀ ਹੁੰਗਾਰਾ ਭਰਦਿਆਂ ਇਸ ਲਈ ਕਾਰਜ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਦੋਵਾਂ ਨੇ ਇੱਕ ਦੂਜੇ ਨੂੰ ਦਸਤਾਰ ਦੇ ਕੇ ਸਨਮਾਨ ਕੀਤਾ। ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ, ਸਥਾਨਕ ਸਿੱਖ ਨੌਜਵਾਨ ਆਦਿ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here