ਪੰਜਾਬ ਫਰੀਦਕੋਟ ’ਚ ਨਕਲ ਕਰਵਾਉਣ ਵਾਲੇ ਗਰੋਹ ਦਾ ਪਰਦਾਫਾਸ਼/ ਫਾਰਮੇਸੀ ਅਫਸਰ ਦੀ ਭਰਤੀ ਪ੍ਰੀਖਿਆ ਗੜਬੜੀ ਦਾ ਸ਼ੱਕ/ 18 ਉਮੀਦਵਾਰ ਹਿਰਾਸਤ ’ਚ ਲੈ ਕੇ ਜਾਂਚ ਕੀਤੀ ਸ਼ੁਰੂ By admin - July 20, 2026 0 1 Facebook Twitter Pinterest WhatsApp ਫਰੀਦਕੋਟ ਪੁਲਿਸ ਨੇ ਡਿਵਾਈਸ ਰਾਹੀਂ ਨਕਲ ਕਰਵਾਉਣ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕੀਤਾ। ਇਹ ਗਰੋਹ ਐਤਵਾਰ ਨੂੰ ਕਰਵਾਈ ਗਈ ਫਾਰਮੇਸੀ ਅਫਸਰ ਦੀ ਭਰਤੀ ਪ੍ਰੀਖਿਆ ਦੌਰਾਨ ਨਕਲ ਕਰਵਾਉਣ ਲਈ ਸਰਗਰਮ ਸੀ। ਪੁਲਿਸ ਨੇ ਫ਼ਰੀਦਕੋਟ ਅਤੇ ਕੋਟਕਪੂਰਾ ਦੇ ਕੁੱਝ ਕੇਂਦਰਾਂ ਤੋਂ 18 ਉਮੀਦਵਾਰਾਂ ਨੂੰ ਹਿਰਾਸਤ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫ਼ਰੀਦਕੋਟ ਵੱਲੋਂ ਫਾਰਮੇਸੀ ਅਫ਼ਸਰਾਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਕਰਵਾਈ ਜਾ ਰਹੀ ਸੀ। ਪ੍ਰੀਖਿਆ ਦੌਰਾਨ ਪੁਲਿਸ ਨੂੰ ਪਹਿਲਾਂ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ’ਤੇ ਨਿਗਰਾਨੀ ਕੀਤੀ ਗਈ। ਜਾਂਚ ਦੌਰਾਨ ਕੁਝ ਉਮੀਦਵਾਰਾਂ ਕੋਲੋਂ ਕਥਿਤ ਤੌਰ ’ਤੇ ਇਲੈਕਟ੍ਰਾਨਿਕ ਡਿਵਾਈਸ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਸੂਤਰਾਂ ਅਨੁਸਾਰ ਹੁਣ ਤੱਕ ਫ਼ਰੀਦਕੋਟ ਦੇ ਚਾਰ ਵੱਖ-ਵੱਖ ਪ੍ਰੀਖਿਆ ਕੇਂਦਰਾਂ ਤੋਂ 11 ਉਮੀਦਵਾਰਾਂ ਅਤੇ ਕੋਟਕਪੂਰਾ ਦੇ 2 ਕੇਂਦਰਾਂ ਤੋਂ 6 ਉਮੀਦਵਾਰਾਂ ਨੂੰ ਕਾਬੂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਕੋਲੋਂ ਨਕਲ ਲਈ ਵਰਤੇ ਜਾ ਰਹੇ ਡਿਵਾਈਸ ਵੀ ਬਰਾਮਦ ਕੀਤੇ ਗਏ ਹਨ। ਹਾਲਾਂਕਿ ਜਾਂਚ ਅਜੇ ਵੀ ਜਾਰੀ ਹੈ ਅਤੇ ਇਸ ਮਾਮਲੇ ਵਿੱਚ ਹੋਰ ਉਮੀਦਵਾਰਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ। ਇਸ ਕਾਰਨ ਕਈ ਪ੍ਰੀਖਿਆ ਕੇਂਦਰਾਂ ਵਿੱਚ ਪੇਪਰ ਸਮਾਪਤ ਹੋਣ ਤੋਂ ਬਾਅਦ ਵੀ ਉਮੀਦਵਾਰਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਪੁਲਸ ਅਤੇ ਸਬੰਧਤ ਏਜੰਸੀਆਂ ਵੱਲੋਂ ਸ਼ੱਕੀ ਉਮੀਦਵਾਰਾਂ ਦੀ ਪਛਾਣ ਕਰਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰੀ ਨੌਕਰੀਆਂ ਦੀਆਂ ਭਰਤੀ ਪ੍ਰੀਖਿਆਵਾਂ ਵਿੱਚ ਡਿਵਾਈਸਾਂ ਰਾਹੀਂ ਨਕਲ ਕਰਵਾਉਣ ਵਾਲਾ ਇੱਕ ਸੰਗਠਿਤ ਗਿਰੋਹ ਸਰਗਰਮ ਹੋਣ ਬਾਰੇ ਪੁਲਸ ਨੂੰ ਪਹਿਲਾਂ ਤੋਂ ਹੀ ਇਨਪੁੱਟ ਮਿਲੀ ਹੋਈ ਸੀ। ਇਸ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਕਾਰਵਾਈ ਦੌਰਾਨ ਇਹ ਮਾਮਲਾ ਸਾਹਮਣੇ ਆਇਆ ਹੈ। ਜਾਂਚ ਦੌਰਾਨ ਇਹ ਵੀ ਖੰਗਾਲਿਆ ਜਾ ਰਿਹਾ ਹੈ ਕਿ ਇਸ ਗਿਰੋਹ ਨਾਲ ਹੋਰ ਕਿੰਨੇ ਵਿਅਕਤੀ ਜੁੜੇ ਹੋਏ ਹਨ ਅਤੇ ਡਿਵਾਈਸ ਉਮੀਦਵਾਰਾਂ ਤੱਕ ਕਿਵੇਂ ਪਹੁੰਚਾਏ ਗਏ। ਫਿਲਹਾਲ ਪੁਲਸ ਵੱਲੋਂ ਮਾਮਲੇ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪੂਰੇ ਮਾਮਲੇ ਅਤੇ ਗਿਰੋਹ ਦੇ ਨੈੱਟਵਰਕ ਬਾਰੇ ਸਥਿਤੀ ਸਪੱਸ਼ਟ ਹੋਣ ਦੀ ਸੰਭਾਵਨਾ ਹੈ।