ਮੰਡੀ ਗੋਬਿੰਦਗੜ੍ਹ ’ਚ ਨਸ਼ਾ ਖਿਲਾਫ਼ ਕੱਸੀ ਨਕੇਲ/ ਐਂਟੀ ਨਾਰਕੋਟਿਕਸ ਫਲਾਇੰਗ ਸਕੁਐਡ ਦਾ ਗਠਨ/ 24 ਘੰਟੇ ਨਸ਼ਾ ਤਸਕਰਾਂ ’ਤੇ ਰੱਖੀ ਜਾਵੇਗੀ ਨਜ਼ਰ

0
1

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਐੱਸ.ਐੱਸ.ਪੀ. ਸ਼ੁਭਮ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੰਡੀ ਗੋਬਿੰਦਗੜ੍ਹ ਵਿੱਚ ਨਸ਼ਾ ਤਸਕਰੀ ‘ਤੇ ਨਕੇਲ ਕੱਸਣ ਲਈ ਵਿਸ਼ੇਸ਼ ਐਂਟੀ ਨਾਰਕੋਟਿਕਸ ਫਲਾਇੰਗ ਸਕੁਐਡ ਦਾ ਗਠਨ ਕੀਤਾ ਗਿਆ ਹੈ। ਇਸ ਸਕੁਐਡ ਦੀ ਕਮਾਨ ਇੰਸਪੈਕਟਰ ਕੁਲਵੰਤ ਸਿੰਘ ਨੂੰ ਸੌਂਪੀ ਗਈ ਹੈ, ਜੋ ਆਪਣੀ ਟੀਮ ਸਮੇਤ 24 ਘੰਟੇ ਮੰਡੀ ਗੋਬਿੰਦਗੜ੍ਹ ਖੇਤਰ ਵਿੱਚ ਤਾਇਨਾਤ ਰਹਿਣਗੇ। ਪੁਲਿਸ ਨੇ ਬਾਹਰੋਂ ਆ ਕੇ ਮੰਡੀ ਗੋਬਿੰਦਗੜ੍ਹ ਨੂੰ ਬਦਨਾਮ ਕਰਨ ਵਾਲੇ ਅਨਸਰਾਂ ਨੂੰ ਵੀ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਸਾਂਝਾ ਕਰਦਿਆਂ ਡੀ.ਐੱਸ.ਪੀ. ਅਮਲੋਹ ਬਿਕਰਮਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਸਬ-ਡਵੀਜ਼ਨ ਪੱਧਰ ‘ਤੇ ਐੱਸ.ਐੱਚ.ਓ. ਮੰਡੀ ਗੋਬਿੰਦਗੜ੍ਹ ਅਤੇ ਐੱਸ.ਐੱਚ.ਓ. ਅਮਲੋਹ ਨੂੰ ਨਾਲ ਲੈ ਕੇ ਹਰ ਰੋਜ਼ ਕਾਸੋ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਨਸ਼ਿਆਂ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਸਖ਼ਤ ਕਾਰਵਾਈ ਕਰੇਗੀ ਅਤੇ ਬਾਹਰੋਂ ਆ ਕੇ ਮੰਡੀ ਗੋਬਿੰਦਗੜ੍ਹ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅਨਸਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ।
ਇਸ ਮੌਕੇ ਐੱਸ.ਐੱਚ.ਓ. ਸੰਦੀਪ ਸਿੰਘ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਅਤੇ ਅਮਲੋਹ ਪੁਲਿਸ ਦੀਆਂ ਟੀਮਾਂ 24 ਘੰਟੇ ਸਰਗਰਮ ਰਹਿਣਗੀਆਂ। ਖੇਤਰ ਦੇ ਨਸ਼ਿਆਂ ਨਾਲ ਸਬੰਧਤ ਹੌਟਸਪਾਟਾਂ ‘ਤੇ ਲਗਾਤਾਰ ਕਾਸੋ ਆਪ੍ਰੇਸ਼ਨ ਕੀਤੇ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਨਸ਼ਾ ਤਸਕਰੀ ਸਬੰਧੀ ਕੋਈ ਜਾਣਕਾਰੀ ਹੈ ਤਾਂ ਉਹ ‘ਸੇਫ਼ ਪੰਜਾਬ’ ਪੋਰਟਲ ਜਾਂ ਸਿੱਧੇ ਪੁਲਿਸ ਨਾਲ ਸਾਂਝੀ ਕਰਨ ਤਾਂ ਜੋ ਤੁਰੰਤ ਕਾਰਵਾਈ ਕੀਤੀ ਜਾ ਸਕੇ।
ਇੰਸਪੈਕਟਰ ਕੁਲਵੰਤ ਸਿੰਘ ਨੇ ਕਿਹਾ ਕਿ ਐੱਸ.ਐੱਸ.ਪੀ. ਦੇ ਹੁਕਮਾਂ ਅਨੁਸਾਰ ਬਣਾਇਆ ਗਿਆ ਐਂਟੀ ਨਾਰਕੋਟਿਕਸ ਫਲਾਇੰਗ ਸਕੁਐਡ ਡੀ.ਐੱਸ.ਪੀ. ਅਮਲੋਹ ਦੀ ਨਿਗਰਾਨੀ ਹੇਠ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਟੀਮ ਦਾ ਮੁੱਖ ਉਦੇਸ਼ ਨਸ਼ਾ ਤਸਕਰੀ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਰੋਕ ਲਗਾਉਣਾ ਹੈ ਅਤੇ ਇਸ ਲਈ ਵਿਸ਼ੇਸ਼ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ।

LEAVE A REPLY

Please enter your comment!
Please enter your name here