ਬੱਸੀ ਪਠਾਣਾਂ ’ਚ ਸਖਸ਼ ਨਾਲ ਆਨਲਾਈਨ ਠੱਗੀ/ ਏਟੀਐਮ ਕਾਰਡ ਬਦਲ ਕੇ ਉਡਾਏ 41 ਹਜ਼ਾਰ/ ਵਾਰਦਾਤ ਸੀਸੀਟੀਵੀ ’ਚ ਕੈਦ, ਮੰਗਿਆ ਇਨਸਾਫ਼

0
1

ਬੱਸੀ ਪਠਾਣਾਂ ਵਿਖੇ ਇਕ ਸਖਸ਼ ਨਾਲ ਆਨਲਾਈਨ ਠੱਗੀ ਵੱਜਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਇੱਥੇ  ਨੌਸਰਬਾਜ਼ ਨੇ ਇਕ ਵਿਅਕਤੀ ਦਾ ਧੋਖੇ ਨਾਲ ਏਟੀਐਮ ਕਾਰਡ ਬਦਲ ਕੇ ਖਾਤੇ ਵਿਚੋਂ 41 ਹਜ਼ਾਰ ਉਡਾ ਲਏ। ਪੀੜਤ ਦੀ ਪਛਾਣ ਹੀਰਾ ਲਾਲ ਵਜੋਂ ਹੋਈ ਹੈ, ਜੋ ਸ਼ਹਿਰ ਵਿਚ ਸਾਊਂਡ ਸਰਵਿਸ ਦਾ ਕੰਮ ਕਰਦਾ ਹੈ। ਹੀਰਾ ਲਾਲ ਦੇ ਦੱਸਣ ਮੁਤਾਬਕ ਉਹ ਦੁੱਧ ਦੇ ਪੈਸੇ ਦੇਣ ਲਈ ਏਟੀਐਮ ਵਿੱਚੋਂ ਨਕਦੀ ਕਢਵਾਉਣ ਗਿਆ ਸੀ, ਜਿੱਥੇ ਇਕ ਟੋਪੀ ਵਾਲੇ ਸ਼ਖਸ਼ ਨੇ ਉਸ ਦਾ ਏਟੀਐਮ ਬਦਲ ਕੇ ਖਾਤੇ ਵਿਚੋਂ 41300 ਰੁਪਏ ਕਢਵਾ ਲਏ ਹਨ। ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੀਰਾ ਲਾਲ ਨੇ ਕਿਹਾ ਕਿ ਜਦੋਂ ਉਹ ਪੈਸੇ ਕਢਵਾਉਣ ਦੀ ਪ੍ਰਕਿਰਿਆ ਕਰ ਰਿਹਾ ਸੀ ਤਾਂ ਇੱਕ ਟੋਪੀ ਵਾਲਾ ਅਣਪਛਾਤਾ ਵਿਅਕਤੀ ਉਸ ਦੇ ਬਿਲਕੁਲ ਪਿੱਛੇ ਖੜਾ ਹੋ ਗਿਆ। ਹੀਰਾ ਲਾਲ ਵੱਲੋਂ ਉਸ ਨੂੰ ਪਿੱਛੇ ਹਟਣ ਲਈ ਵੀ ਕਿਹਾ ਗਿਆ ਪਰ ਉਹ ਆਪਣੀ ਜਗ੍ਹਾ ਤੋਂ ਟੱਸ ਤੋਂ ਮੱਸ ਨਾ ਹੋਇਆ। ਜਿਵੇਂ ਹੀ ਹੀਰਾ ਲਾਲ ਨੇ ਪੈਸੇ ਕਢਵਾਉਣ ਲਈ ਆਪਣਾ ਗੁਪਤ ਪਿੰਨ ਨੰਬਰ ਭਰਿਆ ਅਤੇ ਮਸ਼ੀਨ ਵਿੱਚੋਂ ਪੈਸੇ ਬਾਹਰ ਨਿਕਲੇ ਤਾਂ ਤੁਰੰਤ ਹੀ ਉਸ ਟੋਪੀ ਵਾਲੇ ਵਿਅਕਤੀ ਦਾ ਦੂਜਾ ਸਾਥੀ ਵੀ ਅੰਦਰ ਦਾਖਲ ਹੋ ਗਿਆ।
ਦੋਵਾਂ ਠੱਗਾਂ ਨੇ ਅੱਖ ਦੇ ਫੋਰ ਵਿੱਚ ਹੀਰਾ ਲਾਲ ਦਾ ਅਸਲੀ ਏਟੀਐਮ ਕਾਰਡ ਆਪਣੇ ਕੋਲ ਰੱਖ ਲਿਆ ਅਤੇ ਉਹਨਾਂ ਨੂੰ ਧੋਖੇ ਨਾਲ ਕੋਈ ਹੋਰ ਕਾਰਡ ਫੜਾ ਦਿੱਤਾ। ਇਸ ਤੋਂ ਬਾਅਦ, ਮੁਲਜ਼ਮਾਂ ਨੇ ਹੀਰਾ ਲਾਲ ਦੇ ਖਾਤੇ ਵਿੱਚੋਂ ਵੱਖ ਵੱਖ ਥਾਵਾਂ ਤੋਂ ਕੁੱਲ 41,300 ਰੁਪਏ ਦੀ ਰਕਮ ਉਡਾ ਲਈ। ਪੀੜਤ ਨੇ ਦੱਸਿਆ ਕਿ ਉਕਤ ਮੁਲਜ਼ਮ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਸਨ। ਪੀੜਤ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ।  ਦੂਜੇ ਪਾਸੇ, ਪੁਲਿਸ ਚੌਂਕੀ ਸਿਟੀ ਬਸੀ ਪਠਾਣਾ ਦੇ ਇੰਚਾਰਜ ਜਗਦੀਪ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਪੁਲਿਸ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਅਧਾਰ ‘ਤੇ ਚੋਰਾਂ ਦੀ ਭਾਲ ਜਾਰੀ ਹੈ।

LEAVE A REPLY

Please enter your comment!
Please enter your name here