ਭਾਜਪਾ ਪੰਜਾਬ ਪ੍ਰਧਾਨ ਢਿੱਲੋਂ ਦਾ ਕੇਜਰੀਵਾਲ ਵੱਲ ਨਿਸ਼ਾਨਾ/ ਚੋਣਾਂ ਮੌਕੇ ਪੰਜਾਬ ਅੰਦਰ ਧਾਰਮਕ ਪੱਤਾ ਖੇਡਣ ਦੇ ਇਲਜ਼ਾਮ/ ਅਯੁੱਧਿਆ ਬਾਰੇ ਬਿਆਨ ਦੇ ਹਵਾਲੇ ਨਾਲ ਚੁੱਕੇ ਸਵਾਲ

0
1

 

ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮੰਦਰਾਂ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਘੇਰਿਆ ਹੈ। ਆਪਣੇ ਬਿਆਨ ’ਚ ਕੇਵਲ ਢਿੱਲੋਂ ਨੇ ਕਿਹਾ ਕਿ ਅਯੁਧਿਆ ਵਿਚ ਰਾਮ ਮੰਦਰ ਦੀ ਉਸਾਰੀ ਵੇਲੇ ਕੇਜਰੀਵਾਲ ਨੇ ਵਿਰੋਧ ਕੀਤਾ ਸੀ ਪਰ ਅੱਜ ਪੰਜਾਬ ਅੰਦਰ ਵੋਟਾਂ ਨੇੜੇ ਵੇਖ ਕੇ ਮੰਦਰ ਮੰਦਰ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਨੂੰ ਰਮਾਇਣ ਦੀ ਮੁਢਲੀ ਸਮਝ ਨਹੀਂ ਹੈ, ਅੱਜ ਉਹ ਪੰਜਾਬੀਆਂ ਨੂੰ ਧਰਮ ਦਾ ਪਾਠ ਪੜ੍ਹਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਇਸ ਲਈ ਪੰਜਾਬ ਅੰਦਰ ਧਰਮ ਦੀ ਰਾਜਨੀਤੀ ਨਹੀਂ ਚੱਲੇਗੀ।
ਕੇਵਲ ਸਿੰਘ ਢਿੱਲੋਂ ਨੇ ਅੱਗੇ ਕਿਹਾ ਕਿ ਕੇਜਰੀਵਾਲ ਦੇ ਪੰਜਾਬ ਦੌਰੇ ਦੌਰਾਨ ਹਿੰਦੂ ਧਰਮ ਅਤੇ ਮੰਦਿਰਾਂ ਦੇ ਕੀਤਾ ਜਾ ਰਿਹਾ ਜ਼ਿਕਰ ਮਹਿਜ਼ ‘ਚੋਣਵੀਂ ਸਿਆਸਤ’ ਹੈ।  ਉਨ੍ਹਾਂ ਕਿਹਾ ਕਿ ‘ਆਪ’ ਸੁਪਰੀਮੋ ਦਾ ਪੂਰਾ ਸਿਆਸੀ ਰਿਕਾਰਡ ਗਵਾਹ ਹੈ ਕਿ ਸਨਾਤਨ ਧਰਮ ਅਤੇ ਮੰਦਿਰ ਉਨ੍ਹਾਂ ਲਈ ਸਿਰਫ਼ ਵੋਟਾਂ ਬਟੋਰਨ ਦਾ ਇੱਕ ਜ਼ਰੀਆ ਹਨ, ਜਿਸ ਦੇ ਪਾਖੰਡ ਨੂੰ ਪੰਜਾਬ ਦੇ ਸੂਝਵਾਨ ਲੋਕ ਹੁਣ ਚੰਗੀ ਤਰ੍ਹਾਂ ਸਮਝ ਚੁੱਕੇ ਹਨ।
ਢਿੱਲੋਂ ਨੇ ਕਿਹਾ ਕਿ ਜੋ ਵਿਅਕਤੀ ਅਯੁੱਧਿਆ ਵਿਖੇ ਹੋਏ ਪਵਿੱਤਰ ਸਮਾਗਮ ਵਿੱਚ ਜਾਣ ਤੋਂ ਪਾਸਾ ਵੱਟ ਗਿਆ ਸੀ, ਉਹ ਅੱਜ ਪੰਜਾਬ ਦੀ ਧਰਤੀ ‘ਤੇ ਆ ਕੇ ਹਿੰਦੂ ਭਾਈਚਾਰੇ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਦੋਂ ਪੂਰਾ ਦੇਸ਼ ਸ਼ਰਧਾ ਦੇ ਸਮੁੰਦਰ ਵਿੱਚ ਡੁੱਬਿਆ ਹੋਇਆ ਸੀ, ਉਦੋਂ ਕੇਜਰੀਵਾਲ ਦਿੱਲੀ ਬੈਠ ਕੇ ਸਿਆਸੀ ਡਰਾਮਾ ਰਚ ਰਹੇ ਸਨ। ਕੇਜਰੀਵਾਲ ਦੇ ਧਾਰਮਿਕ ਗਿਆਨ ‘ਤੇ ਸਵਾਲ ਚੁੱਕਦਿਆਂ ਭਾਜਪਾ ਪ੍ਰਧਾਨ ਨੇ ਕਿਹਾ ਕਿ ਜਨਵਰੀ 2025 ਵਿੱਚ ਰਾਵਣ ਬਾਰੇ ਗਲਤ ਅਤੇ ਵਿਵਾਦਤ ਬਿਆਨ ਦੇ ਕੇ ‘ਅਧਰਮੀ’ ਦਾ ਖਿਤਾਬ ਲੁੱਟਣ ਵਾਲੇ ਕੇਜਰੀਵਾਲ ਅੱਜ ਪੰਜਾਬ ਵਿੱਚ ਧਾਰਮਿਕ ਪ੍ਰਵਚਨ ਦੇ ਰਹੇ ਹਨ। ਜਿਸ ਇਨਸਾਨ ਨੂੰ ਰਾਮਾਇਣ ਦੀ ਮੁੱਢਲੀ ਸਮਝ ਤੱਕ ਨਹੀਂ ਹੈ, ਉਹ ਅੱਜ ਪੰਜਾਬੀਆਂ ਨੂੰ ਧਰਮ ਦਾ ਪਾਠ ਪੜ੍ਹਾ ਰਹੇ ਹਨ।
ਢਿੱਲੋਂ ਨੇ ਸਿੱਧਾ ਸਵਾਲ ਕਰਦਿਆਂ ਪੁੱਛਿਆ ਕਿ ਦਿੱਲੀ ਵਿੱਚ ਇੱਕ ਦਹਾਕੇ ਤੱਕ ਸੱਤਾ ਸੁੱਖ ਭੋਗਣ ਵਾਲੇ ਕੇਜਰੀਵਾਲ ਦੱਸਣ ਕਿ ਉਨ੍ਹਾਂ ਨੇ ਉੱਥੇ ਕਿਸੇ ਇੱਕ ਵੀ ਵੱਡੇ ਮੰਦਿਰ ਜਾਂ ਹਿੰਦੂ ਧਾਰਮਿਕ ਸੰਸਥਾ ਦੇ ਵਿਕਾਸ ਲਈ ਕੀ ਕੀਤਾ? ਅੱਜ ਪੰਜਾਬ ਦੀ ਧਰਤੀ ‘ਤੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਕੇਜਰੀਵਾਲ ਨੂੰ ਪਹਿਲਾਂ ਦਿੱਲੀ ਦੇ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਧਰਮ ਅਤੇ ਸੱਭਿਆਚਾਰ ਲਈ ਕੀ ਯੋਗਦਾਨ ਰਿਹਾ ਹੈ।

LEAVE A REPLY

Please enter your comment!
Please enter your name here