ਕਲਾਨੌਰ ’ਚ ਮੋਬਾਈਲ ਟਾਵਰ ’ਚ ਮੁੜ ਚੋਰੀ/ ਚਾਰ ਬੈਟਰੀਆਂ ਚੋਰੀ ਕਰਨ ਦੌਰਾਨ ਗੋਲੀ ਚਲਾ ਕੇ ਫਰਾਰ/ ਤਿੰਨ ਦਿਨ ਪਹਿਲਾਂ ਚੋਰੀ ਕੀਤੀਆਂ ਸੀ 24 ਬੈਟਰੀਆਂ

0
1

ਗੁਰਦਾਸਪੁਰ ਦੇ ਥਾਣਾ ਕਲਾਨੌਰ ਅਧੀਨ ਆਉਂਦੇ ਪਿੰਡ ਲਖਨ ਕਲਾਂ ਵਿਖੇ ਸਥਿਤ ਮੋਬਾਈਲ ਟਾਵਰ ਨੂੰ ਚੋਰਾਂ ਨੇ ਮੁੜ ਨਿਸ਼ਾਨਾ ਬਣਾਇਆ ਹੈ। ਇੱਥੇ ਦੋ ਦਿਨ ਪਹਿਲਾਂ ਵੀ ਕਾਰ ਸਵਾਰ ਚੋਰ 24 ਬੈਟਰੀਆਂ ਚੋਰੀ ਕਰ ਕੇ ਲੈ ਗਏ ਸਨ ਅਤੇ ਅੱਜ ਰਾਤ ਫਿਰ ਮੋਬਾਈਲ ਟਾਵਰ ਨੂੰ ਮੁੜ ਨਿਸ਼ਾਨਾ ਬਣਾਉਂਦਿਆਂ 4 ਬੈਟਰੀਆਂ ਚੋਰੀ ਕੀਤੀਆਂ ਹਨ। ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਉਹ ਜਾਂਦੇ ਹੋਏ ਫਾਇਰਿੰਗ ਵੀ ਕਰ ਕੇ ਗਏ ਹਨ। ਚੋਰਾਂ ਦੀ ਸਾਰੀ ਕਰਤੂਤ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਉਧਰ ਘਟਨਾ ਤੋਂ ਬਾਅਦ ਲੋਕਾਂ ਅੰਦਰ ਦਹਿਸ਼ਤ ਪਾਈ ਜਾ ਰਹੀ ਹੈ।
 ਜਾਣਕਾਰੀ ਦਿੰਦਿਆ ਪਿੰਡ ਲਖਨ ਕਲਾਂ ਦੇ ਵਾਸੀ ਸਤਿੰਦਰ ਸ਼ੀਲ ਅਤੇ ਡਾਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਦੀ ਰਾਤ ਇਹਨਾਂ ਚੋਰਾ ਵੱਲੋਂ ਟਾਵਰ ਤੋਂ 24 ਬੈਟਰੀਆਂ ਚੋਰੀ ਕੀਤੀਆਂ ਗਈਆਂ ਸਨ ਅਤੇ ਉਸ ਵੇਲੇ ਵੀ ਸਥਾਨਕ ਪੁਲਿਸ ਤੋਂ ਮੰਗ ਕੀਤੀ ਗਈ ਸੀ ਕਿ ਇਲਾਕੇ ਵਿੱਚ ਰਾਤ ਵੇਲੇ ਪੁਲਿਸ ਗਸ਼ਤ ਵਧਾਈ ਜਾਏ ਪਰ ਇਹਨਾਂ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਬਿਨਾਂ ਕਿਸੇ ਡਰ ਖੌਫ ਦੇ ਕਦੇ ਵੀ ਕਿਤੇ ਵੀ ਆ ਕੇ ਵਾਰਦਾਤ ਕਰ ਸਕਦੇ ਹਨ। ਬੀਤੀ ਰਾਤ ਪੌਣੇ ਚਾਰ ਵਜੇ ਦੇ ਕਰੀਬ ਇਹ ਫਿਰ ਤੋਂ ਉਸੇ ਟਾਵਰ ਤੇ ਪਹੁੰਚੇ।
ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਤੇ ਜ਼ਿਆਦਾਤਰ ਕਿਸਾਨ ਮੂੰਹ ਹਨੇਰੇ ਹੀ ਝੋਨੇ ਨੂੰ ਪਾਣੀ ਲਾਉਣ ਖੇਤਾਂ ਵੱਲ ਨੂੰ ਜਾਂਦੇ ਹਨ। ਸ਼ਾਇਦ ਕਿਸੇ ਵੱਲੋਂ ਇਹਨਾਂ ਦੀ ਹਰਕਤ ਵੇਖ ਕੇ ਟਾਰਚ ਮਾਰੀ ਗਈ ਜਾਂ ਕੋਈ ਆਵਾਜ਼ ਦਿੱਤੀ ਗਈ ਸੀ ਤਾਂ ਹੀ ਇਹ ਚੋਰ ਤਿੰਨ ਹਵਾਈ ਫਾਇਰ ਕਰ ਕੇ ਉਥੋਂ ਨਿਕਲ ਗਏ ਪਰ ਫਿਰ ਵੀ ਚਾਰ ਹੋਰ ਬੈਟਰੀਆਂ ਟਾਵਰ ਤੋਂ ਚੋਰੀ ਕਰਕੇ ਲੈ ਗਏ। ਇਸ ਵੇਲੇ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਹੁਣ ਪੰਚਾਇਤ ਨਾਲ ਮਿਲ ਕੇ ਫੈਸਲਾ ਕੀਤਾ ਗਿਆ ਹੈ ਕਿ ਪਿੰਡ ਵਿੱਚ ਰਾਤ ਦੇ ਪਹਿਰੇ ਲਗਾਏ ਜਾਣਗੇ, ਕਿਉਂਕਿ ਜੇਕਰ ਇਹ ਤੜਕਸਾਰ ਫਾਇਰ ਕਰ ਸਕਦੇ ਹਨ ਤਾਂ ਕਦੇ ਵੀ ਕਿਸੇ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ।
ਦੱਸਣਯੋਗ ਹੈ ਕਿ ਬੀਤੇ ਐਤਵਾਰ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਡੇਢ ਵਜੇ ਦੇ ਕਰੀਬ ਏਅਰਟੈਲ ਕੰਪਨੀ ਵੱਲੋਂ ਲਗਾਏ ਗਏ ਟਾਵਰ ਦੇ ਗੇਟ ਦਾ ਤਾਲਾ ਤੋੜ ਕੇ 24 ਲੀਥੀਅਮ ਦੀਆਂ ਬੈਟਰੀਆਂ ਚੋਰੀ ਕਰ ਲਈਆਂ ਗਈਆਂ ਸਨ। ਚੋਰਾਂ ਦੀ ਇਹ ਹਰਕਤ ਉੱਥੇ ਲੱਗੇ ਇੱਕ ਸੀ ਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਸੀ ਪਰ ਦੋ ਦਿਨ ਬਾਅਦ ਇਹੋ ਸਵਿਫਟ ਕਾਰ ਸਵਾਰ ਚੋਰ ਮੁੜ ਤੋਂ ਉਸੇ ਟਾਵਰ ਤੇ ਆਏ ਅਤੇ ਮੁੜ ਤੋਂ ਚਾਰ ਹੋਰ ਬੈਟਰੀਆਂ ਚੋਰੀ ਕਰਕੇ ਲੈ ਗਏ। ਚੋਰ ਇਨੇ ਬੇਖੌਫ ਹੋ ਗਏ ਕਿ ਜਾਂਦੇ ਜਾਂਦੇ ਤਿੰਨ ਹਵਾਈ ਫਾਇਰ ਵੀ ਕਰ ਗਏ ਜਿਸ ਕਾਰਨ ਇਲਾਕਾ ਨਿਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਲਾਕੇ ਦੇ ਲੋਕ ਹੁਣ ਰਾਤ ਦੇ ਪਹਿਰੇ ਲਗਾਉਣ ਦਾ ਫੈਸਲਾ ਕਰ ਚੁੱਕੇ ਹਨ ਅਤੇ ਪੁਲਿਸ ਤੋਂ ਵੀ ਸਹਿਯੋਗ ਵੀ ਮੰਗ ਕਰ ਰਹੇ ਹਨ।

LEAVE A REPLY

Please enter your comment!
Please enter your name here