ਪੰਜਾਬ ਕਪੂਰਥਲਾ ਪੁਲਿਸ ਨੇ ਸੁਲਝਾਇਆ ਅਗਵਾ ਕੇ ਕਤਲ ਮਾਮਲਾ/ ਗੈਸ ਏਜੰਸੀ ਮੁਲਾਜ਼ਮ ਨੂੰ ਅਗਵਾ ਕਰ ਕੇ ਕੀਤਾ ਸੀ ਕਤਲ/ ਪੁਲਿਸ ਨੇ ਮੁੱਖ ਦੋਸ਼ੀ ਨੂੰ ਉਤਰਾਂਖੰਡ ਤੋਂ ਕੀਤਾ ਗ੍ਰਿਫਤਾਰ By admin - June 26, 2026 0 1 Facebook Twitter Pinterest WhatsApp ਕਪੂਰਥਲਾ ਪੁਲਿਸ ਨੇ ਸਥਾਨਕ ਗਿਲਾਨੀ ਗੈਸ ਏਜੰਸੀ ਦੇ ਮੁਲਾਜ਼ਮ ਨੂੰ ਅਗਵਾ ਕਰ ਕੇ ਕਤਲ ਕਰਨ ਦੀ ਗੁੱਥੀ ਸੁਲਝਾ ਲਈ ਹੈ। ਪੁਲਿਸ ਨੇ ਟੈਕਨੀਸੈੱਲ ਦੀ ਮਦਦ ਨਾਲ ਵਾਰਦਾਤ ਦੇ ਮੁੱਖ ਦੋਸ਼ੀ ਨਵਜੋਤ ਸਿੰਘ ਉਰਫ਼ ਮਨੀ ਬਾਬਾ ਨੂੰ ਉਤਰਾਂਖੰਡ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜਮ ਦੋ ਮਹੀਨੇ ਤੋਂ ਫਰਾਰ ਚੱਲ ਰਿਹਾ ਸੀ। ਪੁਲਿਸ ਮੁਤਾਬਕ ਗ੍ਰਿਫ਼ਤਾਰ ਦੋਸ਼ੀ ਖ਼ਿਲਾਫ਼ ਪਹਿਲਾਂ ਵੀ ਕਈ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਨੇ ਮੁਲਜਮ ਦਾ ਤਿੰਨ ਦਿਨ ਦਾ ਰਿਮਾਂਡ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਪਾਲ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਵਰਿਆਂ ਦੋਨਾ, ਥਾਣਾ ਸਦਰ ਕਪੂਰਥਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸਦਾ ਪੁੱਤਰ ਦੀਪਕ ਗਿਲਾਨੀ ਗੈਸ ਏਜੰਸੀ, ਔਜਲਾ ਰੋਡ ਕਪੂਰਥਲਾ ਵਿਖੇ ਕੰਮ ਕਰਦਾ ਸੀ। ਮਿਤੀ 23 ਅਪ੍ਰੈਲ 2026 ਨੂੰ ਸਵੇਰੇ ਕਰੀਬ 10 ਵਜੇ ਉਹ ਆਪਣੇ ਭਰਾ ਸੁਖਪਾਲ ਸਿੰਘ ਨਾਲ ਐਕਟਿਵਾ ‘ਤੇ ਆਪਣੇ ਪੁੱਤਰ ਨੂੰ ਮਿਲਣ ਲਈ ਗੈਸ ਏਜੰਸੀ ਪਹੁੰਚਿਆ ਸੀ। ਜਦੋਂ ਉਹ ਏਜੰਸੀ ਦੇ ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਨਵਜੋਤ ਸਿੰਘ ਉਰਫ਼ ਮਨੀ ਬਾਬਾ, ਲਵਪ੍ਰੀਤ ਕੁਮਾਰ ਉਰਫ਼ ਪ੍ਰੀਤ ਉਰਫ਼ ਲਾਲਾ, ਰਾਜਨਦੀਪ ਸਿੰਘ ਉਰਫ਼ ਜੱਗੂ ਅਤੇ ਹੋਰ ਕੁਝ ਵਿਅਕਤੀ ਦੀਪਕ ਨਾਲ ਕੁੱਟਮਾਰ ਕਰ ਰਹੇ ਸਨ। ਸ਼ਿਕਾਇਤਕਰਤਾ ਦੇ ਅਨੁਸਾਰ ਦੋਸ਼ੀਆਂ ਨੇ ਦੀਪਕ ਨੂੰ ਪਿਸਤੌਲ ਦੀ ਨੋਕ ‘ਤੇ ਇੱਕ ਸਵਿਫਟ ਕਾਰ ਵਿੱਚ ਜ਼ਬਰਦਸਤੀ ਬਿਠਾ ਕੇ ਅਗਵਾ ਕਰ ਲਿਆ। ਬਾਅਦ ਵਿੱਚ ਦਿਆਲਪੁਰ ਇਲਾਕੇ ਵਿੱਚ ਲਿਜਾ ਕੇ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਥਾਣਾ ਸਿਟੀ ਕਪੂਰਥਲਾ ਵਿਖੇ ਮੁਕੱਦਮਾ ਨੰਬਰ 132 ਮਿਤੀ 23.04.2026 ਅਧੀਨ ਧਾਰਾ 103, 140(1) ਬੀ.ਐਨ.ਐਸ., 25/54/59 ਆਰਮਜ਼ ਐਕਟ ਅਤੇ ਹੋਰ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਪੁਲਿਸ ਵੱਲੋਂ ਪਹਿਲਾਂ ਹੀ ਲਵਪ੍ਰੀਤ ਕੁਮਾਰ ਉਰਫ਼ ਪ੍ਰੀਤ ਉਰਫ਼ ਲਾਲਾ ਅਤੇ ਲੱਕੀ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮਾਮਲੇ ਦਾ ਮੁੱਖ ਦੋਸ਼ੀ ਨਵਜੋਤ ਸਿੰਘ ਉਰਫ਼ ਮਨੀ ਬਾਬਾ ਲੰਬੇ ਸਮੇਂ ਤੋਂ ਫਰਾਰ ਚੱਲ ਰਿਹਾ ਸੀ। ਪੁਲਿਸ ਵੱਲੋਂ ਟੈਕਨੀਕਲ ਸੈੱਲ ਅਤੇ ਖੁਫੀਆ ਸੂਚਨਾਵਾਂ ਦੇ ਆਧਾਰ ‘ਤੇ ਉਸ ਦੀ ਲੋਕੇਸ਼ਨ ਟਰੇਸ ਕੀਤੀ ਗਈ ਅਤੇ 24 ਜੂਨ 2026 ਨੂੰ ਉਤਰਾਖੰਡ ਤੋਂ ਕਾਬੂ ਕਰ ਲਿਆ ਗਿਆ। ਅੱਜ ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਵੱਲੋਂ ਉਸ ਤੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਨਾਲ ਜੁੜੇ ਹੋਰ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਦੋਸ਼ੀ ਨਵਜੋਤ ਸਿੰਘ ਉਰਫ਼ ਮਨੀ ਬਾਬਾ ਪੁੱਤਰ ਮਲਕੀਤ ਸਿੰਘ ਵਾਸੀ ਮੁਸਕਵੇਦ, ਥਾਣਾ ਕੋਤਵਾਲੀ ਕਪੂਰਥਲਾ ਦਾ ਅਪਰਾਧਿਕ ਰਿਕਾਰਡ ਵੀ ਸਾਹਮਣੇ ਆਇਆ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਕਈ ਗੰਭੀਰ ਅਪਰਾਧਿਕ ਮਾਮਲੇ ਦਰਜ ਹੋਣ ਦੀ ਜਾਣਕਾਰੀ ਮਿਲੀ ਹੈ। ਕਪੂਰਥਲਾ ਪੁਲਿਸ ਨੇ ਕਿਹਾ ਹੈ ਕਿ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਨੂੰ ਕਾਇਮ ਰੱਖਣ ਅਤੇ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ।