ਮਾਨਸਾ ਪੁਲਿਸ ਵੱਲੋਂ ਲੁਟੇਰਾ ਗਰੋਹ ਦੇ 4 ਮੈਂਬਰ ਗ੍ਰਿਫਤਾਰ/ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਅੰਜ਼ਾਮ ਦਿੰਦੇ ਸੀ ਘਟਨਾ/ ਰਾਹਗੀਰਾਂ ਨੂੰ ਰਸਤੇ ’ਚ ਰੋਕ ਕੇ ਬਣਾਉਂਦੇ ਸੀ ਨਿਸ਼ਾਨਾ

0
1

ਮਾਨਸਾ ਦੇ ਕਸਬਾ ਝੁਨੀਰ ਦੀ ਪੁਲਿਸ ਨੇ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਰਾਹਗੀਰਾਂ ਨੂੰ ਲੁੱਟਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਗਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗਰੋਹ ਦੇ ਮੈਂਬਰ ਮਾਨਸਾ ਸੀਆਈਏ ਪੁਲਿਸ ਦੇ ਮੁਲਾਜ਼ਮ ਬਣ ਕੇ ਰਾਹਗੀਰਾਂ ਨੂੰ ਰੋਕ ਕੇ ਝੂਠੇ ਪਰਚੇ ਪਾਉਣ ਦਾ ਡਰਾਵਾ ਦੇ ਕੇ ਵਸੂਲੀ ਕਰਦੇ ਸਨ। ਪੁਲਿਸ ਨੇ ਇਕ ਰਾਹਗੀਰ ਦੀ ਸ਼ਿਕਾਇਤ ਤੇ ਮੁਲਜ਼ਮਾਂ ਨੂੰ ਰੰਗੇ ਹੱਥੀ ਕਾਬੂ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਨਸਾ ਪੁਲਿਸ ਦੇ ਐਸਪੀਐਚ ਪ੍ਰਦੀਪ ਸੰਧੂ ਨੇ ਦੱਸਿਆ ਕਿ ਸਰਦੂਲਗੜ੍ਹ ਦੇ ਨਜ਼ਦੀਕ ਮੋਢਾ ਪਿੰਡ ਦੇ ਕੋਲ ਸਵਿਫਟ ਸਵਾਰ ਚਾਰ ਨੌਜਵਾਨ ਨਕਲੀ ਪੁਲਿਸ ਬਣ ਕੇ ਲੋਕਾਂ ਨੂੰ ਲੁੱਟਣ ਦਾ ਕੰਮ ਕਰਦੇ ਸੀ ਅਤੇ 20 ਜੂਨ ਨੂੰ ਇਹਨਾਂ ਵੱਲੋਂ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਅਤੇ ਉਸਨੂੰ ਦੱਸਿਆ ਕਿ ਉਹ ਸੀਆਈਏ ਸਟਾਫ ਮਾਨਸਾ ਦੇ ਕਰਮਚਾਰੀ ਨੇ ਪਰ ਜਦੋਂ ਉਸ ਕੋਲੋਂ ਤਲਾਸ਼ੀ ਦੇ ਦੌਰਾਨ ਕੁਝ ਵੀ ਨਾ ਨਿਕਲਿਆ ਤਾਂ ਉਸ ਨੂੰ ਚਿੱਟਾ ਦਾ ਪਰਚਾ ਪਾਉਣ ਦੀਆਂ ਧਮਕੀਆਂ ਦੇਣ ਲੱਗੇ ਤੇ ਉਸ ਦੀ ਮਾਂ ਨੂੰ ਉਸ ਨੌਜਵਾਨ ਦੇ ਹੀ ਫੋਨ ਤੋਂ ਫੋਨ ਕਰ ਕੇ 20 ਹਜਾਰ ਰੁਪਏ ਮੰਗਵਾ ਲਏ ਜਿਸ ਤੋਂ ਬਾਅਦ ਹੋਰ ਪੈਸਿਆਂ ਦੀ ਮੰਗ ਕਰਨ ਦੇ ਲਈ ਥਾਣਾ ਝੁਨੀਰ ਵਿਖੇ ਪਹੁੰਚਣ ਦੇ ਲਈ ਕਹਿ ਦਿੱਤਾ ਗਿਆ।
ਪਰਿਵਾਰ ਨੇ ਸ਼ੱਕ ਜਾਹਿਰ ਕਰਦਿਆਂ ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਹਨਾਂ ਚਾਰ ਨਕਲੀ ਪੁਲਿਸ ਵਾਲਿਆਂ ਨੂੰ ਦਬੋਚ ਲਿਆ। ਫੜੇ ਗਏ ਮੁਲਜਮਾਂ ਤੇ ਪਹਿਲਾਂ ਵੀ ਡਰੱਗ ਲੁੱਟ ਖੋਹ ਤੇ ਬੈਂਕ ਡਕੈਤੀ ਸਮੇਤ ਕਈ ਮਾਮਲੇ ਦਰਜ ਹਨ। ਪੁਲਿਸ ਵੱਲੋਂ ਮੁਲਜਮਾਂ ਦਾ ਰਿਮਾਂਡ ਲੈ ਕੇ ਅਗਲੀ ਪੁਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

LEAVE A REPLY

Please enter your comment!
Please enter your name here