ਪੰਜਾਬ ਗੁਰਦਾਸਪੁਰ ’ਚ ਨਹਿਰੀ ਪਾਣੀ ਕਾਰਨ ਭਾਰੀ ਨੁਕਸਾਨ/ ਨਹਿਰ ’ਚ ਪਏ ਪਾੜ ਨਾਲ ਡੁੱਬੇ ਕਈ ਘਰ ਤੇ ਖੇਤ/ ਲੱਖਾਂ ਦਾ ਨੁਕਸਾਨ, ਪੀੜਤਾਂ ਨੇ ਮੰਗਿਆ ਮੁਆਵਜਾ By admin - June 22, 2026 0 1 Facebook Twitter Pinterest WhatsApp ਗੁਰਦਾਸਪੁਰ ਦੇ ਸਠਿਆਲੀ ਹੈੱਡ ਵਰਕਸ ਤੋਂ ਕੁਝ ਹੀ ਦੂਰੀ ‘ਤੇ ਅੱਪਰ ਬਾਰੀ ਦੁਆਬ ਨਹਿਰ ਵਿੱਚ ਦੇਰ ਰਾਤ 3 ਵਜੇ ਦੇ ਕਰੀਬ 40 ਫੁੱਟ ਦਾ ਵੱਡਾ ਪਾੜ ਪੈ ਗਿਆ, ਜਿਸ ਕਾਰਨ ਨੇੜਲੇ ਘਰਾਂ, ਖੇਤਾਂ ਅਤੇ ਰਿਹਾਇਸ਼ੀ ਇਲਾਕਿਆਂ ਅੰਦਰ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਦੇ ਘਰਾਂ ਅਤੇ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਪ੍ਰਭਾਵਿਤ ਲੋਕਾਂ ਮੁਤਾਬਕ ਉਨ੍ਹਾਂ ਦੇ ਘਰਾਂ ਵਿੱਚ ਪਾਣੀ ਦਾਖਲ ਹੋਣ ਕਾਰਨ ਖਾਣ ਲਈ ਰੱਖੀ ਕਣਕ, ਘਰੇਲੂ ਸਾਮਾਨ ਅਤੇ ਹੋਰ ਕੀਮਤੀ ਵਸਤਾਂ ਡੁੱਬ ਗਈਆਂ ਹਨ। ਲੋਕਾਂ ਨੇ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਹੈ। ਮੌਕੇ ਤੇ ਮੌਜੂਦ ਕਾਨੂੰਨਗੋ ਸੁਖਵਿੰਦਰ ਸਿੰਘ ਨੇ ਕਿਹਾ ਕਿ ਨੁਕਸਾਨ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ, ਜਿਸ ਦੇ ਆਧਾਰ ਤੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਇਸ ਸਬੰਧੀ ਮੌਕੇ ‘ਤੇ ਮੌਜੂਦ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਤੁਰੰਤ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਜਦਕਿ ਨਿੱਜੀ ਠੇਕੇਦਾਰ ਵੱਲੋਂ ਪੋਕਲੇਨ ਮਸ਼ੀਨਾਂ ਦੀ ਮਦਦ ਨਾਲ ਪਾੜ ਨੂੰ ਬੰਦ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਹਾਲਾਂਕਿ ਨਹਿਰ ਵਿੱਚ ਪਾਣੀ ਦਾ ਵਹਾਅ ਜਾਰੀ ਰਹਿਣ ਕਾਰਨ ਕੰਮ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਨਹਿਰ ਰਾਤ ਸਮੇਂ ਟੁੱਟੀ ਸੀ। ਨਹਿਰੀ ਵਿਸ਼ਰਾਮ ਘਰ ਵਿੱਚ ਰਹਿੰਦੇ ਪ੍ਰਵਾਸੀ ਮਜ਼ਦੂਰ ਅਨੁਸਾਰ ਰਾਤ ਕਰੀਬ 3 ਵਜੇ ਉਨ੍ਹਾਂ ਦੇ ਕਮਰਿਆਂ ਵਿੱਚ ਅਚਾਨਕ ਪਾਣੀ ਦਾਖਲ ਹੋਇਆ, ਜਿਸ ਤੋਂ ਬਾਅਦ ਪਤਾ ਲੱਗਾ ਕਿ ਨਹਿਰ ਟੁੱਟ ਚੁੱਕੀ ਹੈ। ਪਾਣੀ ਸ੍ਰੀ ਹਰਗੋਬਿੰਦਪੁਰ-ਗੁਰਦਾਸਪੁਰ ਮਾਰਗ ਨੂੰ ਪਾਰ ਕਰਦਾ ਹੋਇਆ ਨੇੜਲੇ ਘਰਾਂ ਅਤੇ ਖੇਤਾਂ ਵਿੱਚ ਜਾ ਵੜਿਆ। ਨਹਿਰ ਟੁੱਟਣ ਕਾਰਨ ਝੋਨੇ ਦੀ ਲੱਗੀ ਹੋਈ ਫ਼ਸਲ ਵੀ ਪਾਣੀ ਹੇਠ ਆ ਗਈ। ਇਲਾਕੇ ਵਿੱਚ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ, ਜਦਕਿ ਪ੍ਰਭਾਵਿਤ ਪਰਿਵਾਰਾਂ ਲਈ ਹਾਲਾਤ ਚਿੰਤਾਜਨਕ ਬਣੇ ਹੋਏ ਹਨ।