ਮੋਗਾ ਪੁਲਿਸ ਦੀ ਅਪਰਾਧੀਆਂ ਖਿਲਾਫ਼ ਸਖਤੀ/ ਸ਼ੱਕੀਆਂ ਦੀ ਪਛਾਣ ਲਈ ਚਲਾਈ ਤਲਾਸ਼ੀ ਮੁਹਿੰਮ/ 27 ਵਾਹਨਾਂ ਦੇ ਚਲਾਨ, 2 ਵਾਹਨ ਜ਼ਬਤ

0
1

ਮੋਗਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਆਪਰਾਧੀਆਂ ਖਿਲਾਫ ਲਗਾਤਾਰ ਸਿਕੰਜਾ ਕੱਸਿਆ ਜਾ ਰਿਹਾ ਹੈ। ਇਸੇ ਤਹਿਤ ਪੁਲਿਸ ਨੇ ਸ਼ਹਿਰ ਦੇ ਹੋਟ ਸਪੋਟ ਮੰਨੇ ਜਾਂਦੇ ਇਲਾਇਆਂ ਅੰਦਰ ਵਿਸ਼ੇਸ਼ ਨਾਕੇਬੰਦੀ ਮੁਹਿੰਮ ਚਲਾ ਕੇ ਅਪਰਾਧੀਆਂ ਤੇ ਨਸ਼ਾ ਤਸਕਰਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਕੇ.ਸੀ. ਪਰਾਸ਼ਰ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਇਲਾਕੇ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਅਤੇ ਨਸ਼ਾ ਤਸਕਰੀ ‘ਤੇ ਰੋਕ ਲਗਾਉਣ ਲਈ ਨਿਰੰਤਰ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਟਰੈਫਿਕ ਨਿਯਮ ਤੋੜਣ ਵਾਲਿਆਂ ਖਿਲਾਫ ਵੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ 27 ਵਾਹਨਾਂ ਦੇ ਚੱਲਾਨ ਕੀਤੇ ਗਏ ਹਨ ਅਤੇ 2 ਵਾਹਨਾਂ ਨੂੰ ਜਬਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਇਹ ਚੈਕਿੰਗ ਇੱਕ ਰੁਟੀਨ ਪ੍ਰਕਿਰਿਆ ਦਾ ਹਿੱਸਾ ਹੈ, ਪਰ ਇਸ ਦਾ ਮੁੱਖ ਮਕਸਦ ਅਪਰਾਧਿਕ ਗਤੀਵਿਧੀਆਂ ‘ਤੇ ਨਜ਼ਰ ਰੱਖਣਾ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਮਿਲਣ ‘ਤੇ ਤੁਰੰਤ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਸਮੇਂ-ਸਮੇਂ ‘ਤੇ ਸੈਮੀਨਾਰ ਅਤੇ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾਂਦੀਆਂ ਹਨ।
ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਸਬੰਧੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੋਰਟਲ ‘ਤੇ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਨੂੰ ਪੂਰੀ ਗੁਪਤਤਾ ਨਾਲ ਨਿਪਟਾਇਆ ਜਾਂਦਾ ਹੈ, ਤਾਂ ਜੋ ਸ਼ਿਕਾਇਤਕਰਤਾ ਦੀ ਪਛਾਣ ਸੁਰੱਖਿਅਤ ਰਹੇ। ਇਸ ਸਬੰਧੀ ਚਲਾਏ ਜਾਣ ਵਾਲੇ ਸਾਰੇ ਆਪ੍ਰੇਸ਼ਨ ਵੀ ਗੁਪਤ ਤਰੀਕੇ ਨਾਲ ਅਮਲ ਵਿੱਚ ਲਿਆਂਦੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਲੋਕ ਆਪਣੀਆਂ ਹਰਕਤਾਂ ਤੋਂ ਤੌਬਾ ਕਰ ਲੈਣ, ਨਹੀਂ ਤਾਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਲਈ ਤਿਆਰ ਰਹਿਣ। ਪੁਲਿਸ ਨੇ ਦੋਹਰਾਇਆ ਕਿ ਨਸ਼ਾ ਤਸਕਰੀ ਅਤੇ ਅਪਰਾਧ ਖ਼ਿਲਾਫ਼ ਇਹ ਮੁਹਿੰਮ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ।

LEAVE A REPLY

Please enter your comment!
Please enter your name here