ਪੰਜਾਬ ਅੰਮ੍ਰਿਤਸਰ ਤੋਂ ਕਟੜਾ ਲਈ ਵੰਦੇ ਭਾਰਤ ਟਰੇਨ ਸ਼ੁਰੂ/ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਦਿਖਾਈ ਹਰੀ ਝੰਡੀ/ ਅੰਮ੍ਰਿਤਸਰ ਤੋਂ ਸ੍ਰੀਨਗਰ ਲਈ ਸਿੱਧੀ ਟਰੇਨ ਦਾ ਐਲਾਨ By admin - June 17, 2026 0 2 Facebook Twitter Pinterest WhatsApp ਅੰਮ੍ਰਿਤਸਰ ਪਹੁੰਚੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਮਾਝਾ ਵਾਸੀਆਂ ਨੂੰ ਵੱਡੀ ਸੌਗਾਤ ਦਿੱਤੀ ਹੈ। ਰਵਨੀਤ ਬਿੱਟੂ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ-ਕਟੜਾ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਟ੍ਰੇਨ ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ, ਪਠਾਨਕੋਟ ਅਤੇ ਜੰਮੂ ਤਵੀ ਰਾਹੀਂ ਮਾਤਾ ਵੈਸ਼ਨੋ ਦੇਵੀ ਕਟੜਾ ਤੱਕ ਯਾਤਰੀਆਂ ਨੂੰ ਆਧੁਨਿਕ ਅਤੇ ਤੇਜ਼ ਰੇਲ ਸੇਵਾ ਮੁਹੱਈਆ ਕਰਵਾਏਗੀ। ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਗੁਰੂ ਨਗਰੀ ਤੋਂ ਸ੍ਰੀਨਗਰ ਲਈ ਸਿੱਧੀ ਟਰੇਨ ਛੇਤੀ ਚਾਲੂ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਰਵਨੀਤ ਸਿੰਘ ਬਿੱਟੂ ਨੇ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੇਲਵੇ ਦੇ 26 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ‘ਤੇ ਕੰਮ ਚੱਲ ਰਿਹਾ ਹੈ ਅਤੇ ਪਿਛਲੇ ਦੋ ਸਾਲਾਂ ਦੌਰਾਨ ਰੇਲਵੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਮਿਲੀ ਹੈ। ਬਿੱਟੂ ਨੇ ਕਿਹਾ ਕਿ ਇਹ ਵੰਦੇ ਭਾਰਤ ਟ੍ਰੇਨ ਖਾਸ ਤੌਰ ‘ਤੇ ਮਾਝਾ ਖੇਤਰ ਦੇ ਲੋਕਾਂ ਲਈ ਲਾਭਕਾਰੀ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਪਹਿਲਾਂ ਕਟੜਾ ਜਾਣ ਵਾਲੀਆਂ ਟ੍ਰੇਨਾਂ ਜਲੰਧਰ ਰੂਟ ਰਾਹੀਂ ਜਾਂਦੀਆਂ ਸਨ, ਪਰ ਹੁਣ ਅੰਮ੍ਰਿਤਸਰ, ਬਟਾਲਾ ਅਤੇ ਗੁਰਦਾਸਪੁਰ ਦੇ ਲੋਕਾਂ ਨੂੰ ਸਿੱਧੀ ਅਤੇ ਤੇਜ਼ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅੰਮ੍ਰਿਤਸਰ ਤੋਂ ਸਿੱਧੀ ਸ਼੍ਰੀਨਗਰ ਤੱਕ ਟ੍ਰੇਨ ਚਲਾਉਣ ਦੀ ਵੀ ਯੋਜਨਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਯਾਤਰੀਆਂ ਨੂੰ ਜੰਮੂ ਵਿੱਚ ਟ੍ਰੇਨ ਬਦਲਣ ਦੀ ਲੋੜ ਨਹੀਂ ਪਵੇਗੀ। ਕੇਂਦਰੀ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਅੰਮ੍ਰਿਤਸਰ ਤੋਂ ਚੰਡੀਗੜ੍ਹ ਅਤੇ ਹਰਿਦੁਆਰ ਲਈ ਨਵੀਆਂ ਰੇਲ ਸੇਵਾਵਾਂ ਸ਼ੁਰੂ ਕਰਨ ਦੀ ਯੋਜਨਾ ‘ਤੇ ਕੰਮ ਚੱਲ ਰਿਹਾ ਹੈ। ਇਸ ਦੇ ਨਾਲ ਹੀ ਬਿਆਸ ਰੇਲਵੇ ਸਟੇਸ਼ਨ ਦੇ 62 ਕਰੋੜ ਰੁਪਏ ਦੇ ਰੀ-ਡਿਵੈਲਪਮੈਂਟ ਪ੍ਰੋਜੈਕਟ ਅਤੇ ਰੇਲ ਸੁਰੱਖਿਆ ਲਈ ‘ਕਵਚ’ ਪ੍ਰਣਾਲੀ ਤਹਿਤ 201 ਕਰੋੜ ਰੁਪਏ ਦੇ ਕੰਮਾਂ ਦਾ ਵੀ ਜ਼ਿਕਰ ਕੀਤਾ। ਮੁੱਖ ਮੰਤਰੀ ਮਾਨ ਨਾਲ ਜੁੜੇ ਵਿਵਾਦ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਏ ਗਏ ਫੈਸਲਿਆਂ ‘ਤੇ ਟਿੱਪਣੀ ਕਰਨ ਦਾ ਉਨ੍ਹਾਂ ਦਾ ਕੋਈ ਕੱਦ ਨਹੀਂ ਹੈ। ਹਾਲਾਂਕਿ ਉਨ੍ਹਾਂ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਸਪਸ਼ਟੀਕਰਨ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜੇਕਰ ਵੀਡੀਓ ਵਿੱਚ ਉਹ ਨਹੀਂ ਹਨ ਤਾਂ ਫਿਰ ਇਹ ਵੀ ਦੱਸਣ ਕਿ ਉਨ੍ਹਾਂ ਦੀਆਂ ਕਿੰਨੀਆਂ ਕਾਪੀਆਂ ਬਣਾਈਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਮਾਮਲੇ ‘ਤੇ ਸਪਸ਼ਟ ਜਵਾਬ ਦੇਣਾ ਚਾਹੀਦਾ ਹੈ। ਕਾਂਗਰਸ ਪਾਰਟੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਬਿੱਟੂ ਨੇ ਕਿਹਾ ਕਿ ਕਾਂਗਰਸ ਅੰਦਰੂਨੀ ਖਿੱਚੋਤਾਣ ਦਾ ਸ਼ਿਕਾਰ ਹੈ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹੀ ਉਸ ਨੂੰ ਕਮਜ਼ੋਰ ਕਰਨ ਵਿੱਚ ਲੱਗੀ ਹੋਈ ਹੈ। ਉੱਥੇ ਹੀ ਭਾਜਪਾ ਦੇ ਮੁੱਖ ਮੰਤਰੀ ਚਿਹਰੇ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਅਜੇ ਕਿਸੇ ਚਿਹਰੇ ਦਾ ਐਲਾਨ ਨਹੀਂ ਕਰੇਗੀ ਕਿਉਂਕਿ ਮੁੱਖ ਮੰਤਰੀ ਲੋਕਾਂ ਦੇ ਫੈਸਲੇ ਨਾਲ ਬਣੇਗਾ ਅਤੇ ਜੋ ਫੈਸਲਾ ਜਨਤਾ ਕਰੇਗੀ, ਭਾਜਪਾ ਉਸ ਨੂੰ ਸਵੀਕਾਰ ਕਰੇਗੀ। ਬਿੱਟੂ ਨੇ ਦਿੱਲੀ ਰੇਲਵੇ ਸਟੇਸ਼ਨ ਦਾ ਨਾਮ ਗੁਰੂ ਤੇਗ ਬਹਾਦਰ ਦੇ ਨਾਮ ‘ਤੇ ਰੱਖਣ ਦੀ ਉੱਠੀ ਮੰਗ ਬਾਰੇ ਵੀ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੀ ਇਸ ਮੰਗ ਨੂੰ ਉਹ ਕੇਂਦਰ ਸਰਕਾਰ ਅਤੇ ਉੱਚ ਲੀਡਰਸ਼ਿਪ ਤੱਕ ਜ਼ਰੂਰ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਅਤੇ ਧਾਰਮਿਕ ਸਥਾਨਾਂ ਨਾਲ ਬਿਹਤਰ ਕਨੈਕਟੀਵਿਟੀ ਲਈ ਕੇਂਦਰ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ।