ਫਤਹਿਗੜ੍ਹ ਸਾਹਿਬ ਵਿਖੇ ਅਕਾਲੀ ਦਲ (ਅ) ਦੀ ਪ੍ਰੈੱਸ ਕਾਨਫਰੰਸ/ ਇਮਾਨ ਸਿੰਘ ਮਾਨ ਨੂੰ ਧਮਕੀਆਂ ਮਿਲਣ ਦਾ ਦਾਅਵਾ/ ਐਸਐਸਪੀ ਨੂੰ ਸ਼ਿਕਾਇਤ ਦੇ ਕੇ ਮੰਗੀ ਕਾਰਵਾਈ

0
1

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਇਮਾਨ ਸਿੰਘ ਮਾਨ ਨੇ ਪ੍ਰੈੱਸ ਕਾਨਫਰੰਸ ਕਰ ਕੇ ਇਕ ਵਿਅਕਤੀ ਵੱਲੋਂ ਧਮਕੀਆਂ ਦੇਣ ਤੇ ਭੱਦੀ ਸ਼ਬਦਾਵਲੀ ਵਰਤਣ ਦਾ ਦਾਅਵਾ ਕੀਤਾ ਹੈ। ਫਤਹਿਗੜ੍ਹ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਮਾਨ ਸਿੰਘ ਮਾਨ ਨੇ ਕਿਹਾ ਕਿ ਇਕ ਵਿਅਕਤੀ ਵੱਲੋਂ ਉਨ੍ਹਾਂ ਨੂੰ ਫੋਨ ਰਾਹੀਂ ਧਮਕੀਆਂ ਦਿੱਤੀਆਂ ਗਈਆਂ ਹਨ ਅਤੇ ਭੱਤੀ ਸ਼ਬਦਾਵਲੀ ਵਰਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼ਿਕਾਇਤ ਐਸਐਸਪੀ ਫਤਿਹਗੜ੍ਹ ਸਾਹਿਬ ਨੂੰ ਦਿੱਤੀ ਜਾਵੇਗੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਨਿਰਪੱਖ ਜਾਂਚ ਕਰ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਸਿੱਖਾਂ ਨੂੰ ਟਾਰਗੇਟ ਕਰਕੇ ਪੰਜਾਬ ਵਿਰੋਧੀ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇੱਕ ਟੀਵੀ ਚੈਨਲ ਦੀ ਚਰਚਾ ਦੌਰਾਨ ਭਾਜਪਾ ਦੇ ਇੱਕ ਬੁਲਾਰੇ ਵੱਲੋਂ ਸਿੱਖਾਂ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਅਤੇ ਗੋਲੀ ਮਾਰਨ ਵਰਗੀ ਧਮਕੀ ਦਿੱਤੀ ਗਈ ਸੀ। ਇਮਾਨ ਸਿੰਘ ਮਾਨ ਨੇ ਕਿਹਾ ਕਿ ਅਜਿਹੇ ਬਿਆਨਾਂ ਅਤੇ ਧਮਕੀਆਂ ਦੇ ਬਾਵਜੂਦ ਸੰਬੰਧਿਤ ਵਿਅਕਤੀਆਂ ਖ਼ਿਲਾਫ਼ ਅਜੇ ਤੱਕ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਸਿੱਖ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਧਮਕੀਆਂ ਦੇਣ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਹਰ ਵਿਅਕਤੀ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਧਮਕੀ ਜਾਂ ਡਰਾਉਣ-ਧਮਕਾਉਣ ਦੀ ਰਾਜਨੀਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ।

LEAVE A REPLY

Please enter your comment!
Please enter your name here