ਪੰਜਾਬ ਨੌਜਵਾਨਾਂ ਨੂੰ ਅਣਗੌਲਣ ਲਈ ਕੇਂਦਰ ’ਤੇ ਵਰ੍ਹੇ ਮੀਤ ਹੇਅਰ/ ਨੌਜਵਾਨਾਂ ਨੂੰ ਕਾਕਰੋਚ ਕਹਿਣ ’ਤੇ ਚੁੱਕੇ ਸਵਾਲ/ ਭਾਜਪਾ ’ਤੇ ਜਵਾਬਦੇਹੀ ਤੋਂ ਭੱਜਣ ਦੇ ਲਾਏ ਇਲਜ਼ਾਮ By admin - June 6, 2026 0 1 Facebook Twitter Pinterest WhatsApp ਸੰਗਰੂਰ ਤੋਂ ਆਪ ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਨੇ ਕੇਂਦਰ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਬਰਨਾਲਾ ਵਿਖੇ ਮੀਡੀਆ ਨੂੰ ਮੁਖਾਤਿਬ ਹੁੰਦਿਆ ਉਨ੍ਹਾਂ ਕਿਹਾ ਕਿ ਮੌਜੂਦਾ ਸਿਸਟਮ ਅਤੇ ਸਰਕਾਰਾਂ ਦੇਸ਼ ਦੇ ਨੌਜਵਾਨਾਂ ਦਾ ਮਜ਼ਾਕ ਉਡਾ ਰਹੀਆਂ ਹਨ, ਜਿਸ ਕਾਰਨ ਨੌਜਵਾਨਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੂਰਾ ਸਿਸਟਮ ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣ ਵਿੱਚ ਲੱਗਿਆ ਹੋਇਆ ਹੈ, ਇਸ ਦੇ ਬਾਵਜੂਦ ਨੌਜਵਾਨ ਸੋਸ਼ਲ ਮੀਡੀਆ ‘ਤੇ ਦੇਸ਼ ਦੀਆਂ ਵੱਡੀਆਂ ਪਾਰਟੀਆਂ ਨਾਲੋਂ ਤਿੰਨ ਗੁਣਾ ਜ਼ਿਆਦਾ ਫੋਲੋਅਰਜ਼ ਨਾਲ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੌਜਵਾਨਾਂ ਦੇ ਗੁੱਸੇ ਨੂੰ ਸਮਝ ਨਹੀਂ ਰਹੀ, ਜਿਸ ਦਾ ਦੇਸ਼ ਨੂੰ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨਾਲ ਕਰੋੜਾਂ ਨੌਕਰੀਆਂ ਦੇਣ ਅਤੇ ਕਿਸਾਨਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ, ਪਰ ਜਦੋਂ ਤੋਂ ਬੀਜੇਪੀ ਸੱਤਾ ਵਿੱਚ ਆਈ ਹੈ, ਦੇਸ਼ ਦਾ ਹਰ ਵਰਗ ਖ਼ੁਦ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ। ਮੀਤ ਹੇਅਰ ਨੇ ਪੁਰਾਣੇ ਸਮਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅੱਗੇ ਜੇਕਰ ਦੇਸ਼ ਵਿੱਚ ਕੋਈ ਵੱਡੀ ਘਟਨਾ ਜਾਂ ਅਟੈਕ ਹੁੰਦਾ ਸੀ ਤਾਂ ਦੇਸ਼ ਦਾ ਗ੍ਰਹਿ ਮੰਤਰੀ ਅਸਤੀਫ਼ਾ ਦੇ ਦਿੰਦਾ ਸੀ, ਅਤੇ ਰੇਲ ਹਾਦਸਾ ਹੋਣ ‘ਤੇ ਰੇਲਵੇ ਮੰਤਰੀ ਆਪਣੀ ਜ਼ਿੰਮੇਵਾਰੀ ਲੈਂਦੇ ਸਨ। ਪਰ ਪਿਛਲੇ 12 ਸਾਲਾਂ ਦੇ ਅੰਦਰ ਦੇਸ਼ ਵਿੱਚ ਚਾਹੇ ਪੁਲਵਾਮਾ ਹਮਲਾ ਹੋਇਆ ਹੋਵੇ, ਵੱਡੇ ਰੇਲ ਹਾਦਸੇ ਹੋਏ ਹੋਣ ਜਾਂ ਫਿਰ ਹੁਣ ‘ਨੀਟ’ (NEET) ਵਰਗੇ ਵੱਕਾਰੀ ਪੇਪਰ ਲੀਕ ਹੋਣ ਦਾ ਮਾਮਲਾ ਹੋਵੇ, ਬੀਜੇਪੀ ਦੇ ਕਿਸੇ ਵੀ ਕੇਂਦਰੀ ਜਾਂ ਸੂਬਾਈ ਮੰਤਰੀ ਨੇ ਅਸਤੀਫ਼ਾ ਨਹੀਂ ਦਿੱਤਾ। ਉਨ੍ਹਾਂ ਸਰਕਾਰ ਨੂੰ ‘ਮੋਟੀ ਚਮੜੀ ਵਾਲੀ’ ਦੱਸਦਿਆਂ ਕਿਹਾ ਕਿ ਜਨਤਾ ਦੀ ਆਵਾਜ਼ ਨੂੰ ਦਬਾਉਣ ਲਈ ਪੁਲਿਸ, ਈ.ਡੀ. (ED) ਅਤੇ ਸੀ.ਬੀ.ਆਈ. (CBI) ਦਾ ਸ਼ਰੇਆਮ ਇਸਤੇਮਾਲ ਕੀਤਾ ਜਾ ਰਿਹਾ ਹੈ। ਸੰਸਦ ਮੈਂਬਰ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਦੇਸ਼ ਦੇ ਨੌਜਵਾਨਾਂ ਦੇ ਗੁੱਸੇ ਅਤੇ ਜਜ਼ਬਾਤਾਂ ਨੂੰ ਜਲਦੀ ਨਾ ਸਮਝਿਆ, ਤਾਂ ਭਾਰਤ ਵਿੱਚ ਵੀ ਹਾਲਾਤ ਸਾਡੇ ਗੁਆਂਢੀ ਦੇਸ਼ਾਂ (ਜਿੱਥੇ ਜਨਤਾ ਦੇ ਗੁੱਸੇ ਕਾਰਨ ਤਖ਼ਤਾਪਲਟ ਹੋਏ) ਵਰਗੇ ਬਣ ਸਕਦੇ ਹਨ।