ਗੁਰਦਾਸਪੁਰ ਦੇ ਵਾਰਡ ਨੰ:15 ਵਾਸੀ ਕੌਂਸਲਰ ਤੋਂ ਨਾਰਾਜ਼/ 5 ਸਾਲਾਂ ਤਕ ਸਾਰ ਨਾ ਲੈਣ ਦੇ ਲਾਏ ਇਸਜ਼ਾਮ/ ਕੰਮ ਦੀ ਗਾਰੰਟੀ ਦੇਣ ਵਾਲੇ ਨੂੰ ਵੋਟ ਦੇਣ ਦਾ ਐਲਾਨ

0
1

ਗੁਰਦਾਸਪੁਰ ਦੇ ਵਾਰਡ ਨੰਬਰ 15 ਦੇ ਵਾਸੀਆਂ ਨੇ 13 ਜੂਨ ਨੂੰ ਪੈਣ ਵਾਲੀਆਂ ਨਗਰ ਕੌਂਸਲ ਚੋਣਾਂ ਵਿਚ ਲੋਕਾਂ ਦੇ ਕੰਮ ਕਰਨ ਵਾਲੇ ਆਗੂ ਨੂੰ ਵੋਟਾਂ ਪਾਉਣ ਦਾ ਐਲਾਨ ਕੀਤਾ ਹੈ। ਸਥਾਨਕ ਵਾਸੀਆਂ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਪਿਛਲੀ ਵਾਰ ਕਾਂਗਰਸ ਪਾਰਟੀ ਨਾਲ ਸਬੰਧਤ ਵਿਅਕਤੀ ਨੂੰ ਵੋਟਾਂ ਪਾ ਕੇ ਕੌਂਸਲਰ ਬਣਾਇਆ ਸੀ ਪਰ ਉਸ ਨੇ 5 ਸਾਲ ਤਕ ਲੋਕਾਂ ਦੀ ਸਾਰ ਨਹੀਂ ਲਈ, ਜਿਸ ਦੇ ਚਲਦਿਆਂ ਵਾਰਡ ਦੇ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਨੇ। ਲੋਕਾਂ ਨੇ ਕਿਹਾ ਕਿ ਜੋ ਪੰਜ ਸਾਲਾਂ ਤਕ ਕੰਮ ਕਰਨ ਦੀ ਗਾਰੰਟੀ ਦੇਵੇਗਾ, ਇਸ ਵਾਰ ਉਸੇ ਨੂੰ ਹੀ ਵੋਟ ਦਿੱਤੀ ਜਾਵੇਗੀ।
ਦੱਸਣਯੋਗ ਹੈ ਕਿ ਨਗਰ ਕੌਂਸਲ ’ਤੇ ਕਾਂਗਰਸ ਦਾ ਕਬਜ਼ਾ ਰਿਹਾ ਅਤੇ ਸਾਰੇ ਦੇ ਸਾਰੇ ਕੌਂਸਲਰ ਕਾਂਗਰਸ ਨਾਲ ਸੰਬੰਧਿਤ ਸਨ ਪਰ ਕੁਝ ਵਾਰਡਾਂ ਵਿੱਚ ਅਜਿਹੇ ਮੁਹੱਲੇ ਵੀ ਹਨ ਜਿੱਥੇ ਪਿਛਲੇ ਪੰਜ ਸਾਲ ਚੁਣੇ ਗਏ ਕੌਂਸਲਰ ਦੇ ਦਰਸ਼ਨ ਹੀ ਨਹੀਂ ਹੋਏ। ਅਜਿਹਾ ਹੀ ਇੱਕ ਇਲਾਕਾ ਛੱਤੀ ਖੂਹੀ ਵਾਲੀ ਗਲੀ ਹੈ ਜਿੱਥੋਂ ਦੇ ਲੋਕਾਂ ਨੇ ਮੀਡੀਆ ਸਾਹਮਣੇ ਜੰਮ ਕੇ ਆਪਣੀ ਭੜਾਸ ਕੱਢੀ ਹੈ। ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਮੁਹੱਲੇ ਦਾ ਸੀਵਰੇਜ ਦੂਸਰੇ ਤੀਸਰੇ ਦਿਨ ਚੋਕ ਹੋ ਜਾਂਦਾ ਹੈ ਤੇ ਓਵਰਫਲੋ ਹੋਣਾ ਸ਼ੁਰੂ ਹੋ ਜਾਂਦਾ ਹੈ। ਕਈ ਵਾਰ ਹਾਲਾਤ ਇਦਾਂ ਦੇ ਹੋ ਜਾਂਦੇ ਹਨ ਕਿ ਪੂਰੀ ਗਲੀ ਗੰਦਗੀ ਨਾਲ ਭਰ ਜਾਂਦੀ ਹੈ ਤੇ ਬਦਬੂ ਨਾਲ ਜੀਨਾ ਮੁਹਾਲ ਹੋ ਜਾਂਦਾ ਹੈ।
ਹਾਲਾਤ ਇੰਨੇ ਮਾੜੇ ਹਨ ਕਿ ਲੋਕਾਂ ਨੂੰ ਕੰਮ ਕਾਰ ਤੇ ਜਾਣ ਤੇ ਬੱਚਿਆਂ ਨੂੰ ਸਕੂਲ ਛੱਡ ਕੇ ਆਉਣ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।  ਬਦਬੂ ਕਾਰਨ ਉਹਨਾਂ ਦੇ ਘਰਾਂ ਵਿੱਚ ਮਹਿਮਾਨ ਵੀ ਆਉਣੇ ਬੰਦ ਹੋ ਗਏ ਹਨ। ਹਾਲਾਤ ਇਹ ਹੈ ਕਿ ਟੂਟੀਆਂ ਵਿੱਚੋਂ ਵੀ ਗੰਦਾ ਪਾਣੀ ਆਉਂਦਾ ਹੈ ਕਿਉਂਕਿ ਸੀਵਰੇਜ ਦੀਆਂ ਪਾਈਪਾਂ ਅੰਦਰੋਂ ਟੁੱਟ ਕੇ ਵਾਟਰ ਸਪਲਾਈ ਦੀਆਂ ਪਾਈਪਾਂ ਨਾਲ ਮਿਲ ਗਈਆਂ ਹਨ । ਉਹਨਾਂ ਸਿੱਧੇ ਤੌਰ ਤੇ ਕਿਹਾ ਕਿ ਉਹ ਵੋਟਾਂ ਤਾਂ ਇਸ ਵਾਰ ਵੀ ਪਾਉਣਗੇ ਪਰ ਉਸ ਉਮੀਦਵਾਰ ਨੂੰ ਵੋਟ ਦੇਣਗੇ ਜੋ ਉਹਨਾਂ ਨੂੰ ਮੁਹੱਲੇ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਵਾਏਗਾ ਅਤੇ ਗਰੰਟੀ ਭਰੇਗਾ ਕਿ ਅਗਲੇ ਪੰਜ ਸਾਲ ਉਹਨਾਂ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆਏਗੀ।

LEAVE A REPLY

Please enter your comment!
Please enter your name here