ਮੋਗਾ ’ਚ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼/ ਲਾਸ਼ ਨੇੜਿਓ ਸਰਿੰਜ ਬਰਾਮਦ/ ਪੁਲਿਸ ਨੇ ਜਾਂਚ ਕੀਤੀ ਸ਼ੁਰੂ

0
1

 

ਮੋਗਾ ਦੇ ਗਿੱਲ ਰੋਡ ਤੇ ਪੈਣਦੀ ਸਾਂਧਾ ਵਾਲੀ ਬਸਤੀ ਇਲਾਕੇ ਵਿਚ ਹਾਲਾਤ ਇਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਲੋਕਾਂ ਨੇ ਇੱਥੇ ਖਾਲੀ ਪਲਾਟ ਵਿਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਵੇਖੀ। ਸਥਾਨਕ ਵਾਸੀਆਂ ਨੇ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਜਾਂਚ ਆਰੰਭ ਦਿੱਤੀ ਹੈ। ਪੁਲਿਸ ਨੇ ਘਟਨਾ ਸਥਾਨ ਤੋਂ ਇਕ ਟੀਕਾ ਬਰਾਮਦ ਕੀਤਾ ਹੈ। ਟੀਕੇ ਵਿਚ ਕੀ ਪਦਾਰਥ ਸੀ, ਇਸ ਦਾ ਪਤਾ ਜਾਂਚ ਬਾਅਦ ਹੀ ਲੱਗੇਗਾ। ਲੋਕਾਂ ਨੇ ਸਰਿੰਜ ਵਿਚ ਨਸ਼ੀਲਾ ਪਦਾਰਥ ਹੋਣ ਦੀ ਸ਼ੰਕਾ ਜਾਹਰ ਕੀਤੀ ਹੈ।
ਜਾਣਕਾਰੀ ਅਨੁਸਾਰ ਗਿੱਲ ਰੋਡ ਤੋਂ ਸਾਧਾਂ ਵਾਲੀ ਬਸਤੀ ਨੂੰ ਜਾਂਦੇ ਰਸਤੇ ਵਿੱਚ ਪੈਂਦੇ ਇੱਕ ਖਾਲੀ ਪਲਾਟ ਵਿੱਚ ਇੱਕ ਵਿਅਕਤੀ ਦੀ ਲਾਸ਼ ਪਈ ਹੋਣ ਦੀ ਸੂਚਨਾ ਸਥਾਨਕ ਲੋਕਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ। ਜਦੋਂ ਲੋਕ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਦੇਖਿਆ, ਜਿਸ ਦੀ ਮੌਤ ਹੋ ਚੁੱਕੀ ਸੀ। ਘਟਨਾ ਨਾਲ ਸੰਬੰਧਤ ਵੀਡੀਓ ਵਿੱਚ ਸਾਫ਼ ਤੌਰ ’ਤੇ ਦਿਖਾਈ ਦੇ ਰਿਹਾ ਹੈ ਕਿ ਮ੍ਰਿਤਕ ਦੇ ਹੱਥ ਵਿੱਚ ਇੱਕ ਟੀਕਾ ਫੜਿਆ ਹੋਇਆ ਹੈ। ਹਾਲਾਂਕਿ ਟੀਕੇ ਵਿੱਚ ਕੀ ਪਦਾਰਥ ਸੀ ਅਤੇ ਮੌਤ ਦਾ ਅਸਲ ਕਾਰਨ ਕੀ ਹੈ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ। ਇਸ ਲਈ ਮੌਤ ਦੇ ਕਾਰਨਾਂ ਬਾਰੇ ਅੰਤਿਮ ਨਤੀਜਾ ਪੁਲਿਸ ਜਾਂ ਮੈਡੀਕਲ ਜਾਂਚ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮ੍ਰਿਤਕ ਨਸ਼ੇ ਦਾ ਆਦੀ ਲੱਗਦਾ ਸੀ, ਪਰ ਇਸ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋਵੇਗੀ।
ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸਮਾਜ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਨੂੰ ਬੁਲਾਇਆ ਗਿਆ, ਜਿਨ੍ਹਾਂ ਨੇ ਪੁਲਿਸ ਦੀ ਮੌਜੂਦਗੀ ਵਿੱਚ ਲਾਸ਼ ਨੂੰ ਖਾਲੀ ਪਲਾਟ ਵਿੱਚੋਂ ਬਾਹਰ ਕੱਢ ਕੇ ਆਪਣੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਮੋਗਾ ਪਹੁੰਚਾਇਆ। ਪੁਲਿਸ ਅਤੇ ਸਮਾਜ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਮੁਤਾਬਕ ਮ੍ਰਿਤਕ ਦੀ ਉਮਰ ਕਰੀਬ 40 ਤੋਂ 45 ਸਾਲ ਦੇ ਵਿਚਕਾਰ ਲੱਗਦੀ ਹੈ। ਉਸ ਦਾ ਸਿਰ ਮੁੰਡਿਆ ਹੋਇਆ ਹੈ ਅਤੇ ਉਸ ਨੇ ਨੀਲੇ ਰੰਗ ਦੀ ਟੀ-ਸ਼ਰਟ ਅਤੇ ਲੋਅਰ ਪਹਿਨੀ ਹੋਈ ਹੈ। ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ।
ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਪਰਿਵਾਰ ਦਾ ਕੋਈ ਮੈਂਬਰ ਲਾਪਤਾ ਹੈ ਜਾਂ ਮ੍ਰਿਤਕ ਦੇ ਹੂ-ਬ-ਹੂ ਵੇਰਵੇ ਨਾਲ ਮੇਲ ਖਾਂਦਾ ਹੈ ਤਾਂ ਉਹ ਥਾਣਾ ਸਿਟੀ-2 ਮੋਗਾ ਦੇ ਐੱਸ.ਐੱਚ.ਓ. ਗੁਰਵਿੰਦਰ ਸਿੰਘ ਭੁੱਲਰ ਨਾਲ ਸੰਪਰਕ ਕਰਨ ਜਾਂ ਸਮਾਜ ਸੇਵਾ ਸੁਸਾਇਟੀ ਤੋਂ ਜਾਣਕਾਰੀ ਪ੍ਰਾਪਤ ਕਰਨ। ਇੱਥੇ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਮੋਗਾ ਦੇ ਵੱਖ-ਵੱਖ ਖਾਲੀ ਪਲਾਟਾਂ ਅਤੇ ਸੁੰਨਸਾਨ ਥਾਵਾਂ ਤੋਂ ਲਗਾਤਾਰ ਲਾਸ਼ਾਂ ਮਿਲਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜੇਕਰ ਵੀਡੀਓ ਵਿੱਚ ਦਿਖਾਈ ਦੇ ਰਹੇ ਟੀਕੇ ਦਾ ਸੰਬੰਧ ਨਸ਼ੇ ਨਾਲ ਹੈ ਤਾਂ ਇਹ ਨੌਜਵਾਨਾਂ ਅਤੇ ਆਮ ਲੋਕਾਂ ਦੀ ਸੁਰੱਖਿਆ ਲਈ ਗੰਭੀਰ ਚੇਤਾਵਨੀ ਹੈ। ਆਖ਼ਰ ਕਦੋਂ ਰੁਕੇਗਾ ਇਹ ਮੌਤਾਂ ਦਾ ਸਿਲਸਿਲਾ ਅਤੇ ਕਦੋਂ ਨਸ਼ਿਆਂ ਦੀ ਦਲਦਲ ਵਿੱਚ ਫਸ ਰਹੀਆਂ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇਗਾ, ਇਹ ਸਵਾਲ ਅੱਜ ਹਰ ਜ਼ਿੰਮੇਵਾਰ ਨਾਗਰਿਕ ਦੇ ਮਨ ਵਿੱਚ ਉੱਠ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਤੋਂ ਪਰਦਾ ਉੱਠ ਸਕੇਗਾ।

LEAVE A REPLY

Please enter your comment!
Please enter your name here