ਗੁਰਦਾਸਪੁਰ ’ਚ ਮੁੜ ਤੋਂ ਚੱਲੀਆਂ ਗੋਲੀਆਂ/ ਰੰਜਿਸ਼ ਦੇ ਤਹਿਤ ਨੌਜਵਾਨ ’ਤੇ ਹਮਲਾ/ ਕੁੱਟਮਾਰ ਤੋਂ ਬਾਅਦ ਲੱਤ ’ਚ ਮਾਰੀ ਗੋਲੀ

0
1

ਗੁਰਦਾਸਪੁਰ ਸ਼ਹਿਰ ਅੰਦਰ ਕੁੱਟਮਾਰ ਅਤੇ ਗੋਲੀਆਂ ਚੱਲਣ ਦੀਆਂ ਘਟਨਾਵਾਂ ਵਿਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਤਾਜ਼ਾ ਘਟਨਾ ਸ਼ਹਿਰ ਦੇ ਬਟਾਲਾ ਰੋਡ ਤੇ ਪੈਂਦੇ ਪਿੰਡ ਬੱਬਰੀ ਤੋਂ ਸਾਹਮਣੇ ਆਈ ਹੈ, ਜਿੱਥੇ ਕੁੱਝ ਵਿਅਕਤੀਆਂ ਨੇ ਪਹਿਲਾਂ ਇਕ ਨੌਜਵਾਨ ਨਾਲ ਕੁੱਟਮਾਰ ਕੀਤੀ ਅਤੇ ਫਿਰ ਉਸ ਦੀ ਲੱਤ ਵਿਚ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਪੀੜਤ ਦੀ ਪਛਾਣ ਸਰਬਜੀਤ ਸਿੰਘ ਵਾਸੀ ਨੌਸ਼ਹਿਰਾ ਮੱਝਾ ਸਿੰਘ ਵਜੋਂ ਹੋਈ ਹੈ। ਹਮਲੇ ਦੀ ਵਜ੍ਹਾਂ ਪੁਰਾਣੀ ਰੰਜ਼ਿਸ਼ ਦੱਸਿਆ ਜਾ ਰਿਹਾ ਹੈ। ਪੀੜਤ ਦੇ ਦੱਸਣ ਮੁਤਾਬਕ ਹਮਲਾਵਰ ਉਸਦੇ ਇੱਕ ਦੋਸਤ ਦੇ ਰਿਸ਼ਤੇਦਾਰ ਹਨ।
ਹਸਪਤਾਲ ਵਿੱਚ ਇਲਾਜ ਅਧੀਨ ਪੀੜਤ ਸਰਬਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਮੋਟਰਸਾਈਕਲ ‘ਤੇ ਜਾ ਰਿਹਾ ਸੀ। ਤਾਂ ਪਿੱਛੋਂ ਆਈ ਇੱਕ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਦੋਂ ਉਹ ਹੇਠਾਂ ਡਿੱਗ ਪਿਆ, ਤਾਂ ਗੱਡੀ ਵਿੱਚੋਂ 5-6 ਨੌਜਵਾਨ ਨਿਕਲੇ, ਜਿਨ੍ਹਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਪਹਿਲਾਂ ਉਸਦੀ ਸੱਜੀ ਲੱਤ ਤੋੜੀ ਅਤੇ ਫਿਰ ਉਸਦੀ ਖੱਬੀ ਲੱਤ ਵਿੱਚ ਗੋਲੀ ਮਾਰ ਦਿੱਤੀ। ਸਰਬਜੀਤ ਅਨੁਸਾਰ ਇਹ ਹਮਲਾ ਕਿਸੇ ਪੁਰਾਣੀ ਰੰਜਿਸ਼ ਕਾਰਨ ਹੋਇਆ ਹੈ।
ਸਿਵਲ ਹਸਪਤਾਲ ਦੇ ਡਾਕਟਰ ਰੋਹਿਤ ਨੇ ਦੱਸਿਆ ਕਿ ਸਰਬਜੀਤ ਸਿੰਘ ਨੂੰ ਸ਼ਾਮ ਕਰੀਬ 4:30 ਵਜੇ ਹਸਪਤਾਲ ਲਿਆਂਦਾ ਗਿਆ ਸੀ। ਉਸ ਦੀ ਖੱਬੀ ਲੱਤ ਦੇ ਗੋਡੇ ਕੋਲ ਗੋਲੀ ਲੱਗੀ ਹੈ ਅਤੇ ਸੱਜੀ ਲੱਤ ‘ਤੇ ਵੀ ਗੰਭੀਰ ਸੱਟਾਂ ਦੇ ਨਿਸ਼ਾਨ ਹਨ। ਫਿਲਹਾਲ ਮਰੀਜ਼ ਦੀ ਹਾਲਤ ਸਥਿਰ ਹੈ। ਮੌਕੇ ‘ਤੇ ਪਹੁੰਚੇ ਡੀ.ਐਸ.ਪੀ. ਸ਼ਾਹਬਾਜ਼ ਸਿੰਘ ਨੇ ਦੱਸਿਆ ਕਿ ਮਰੀਜ਼ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਡਾਕਟਰੀ ਰਿਪੋਰਟ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹਮਲਾਵਰਾਂ ਦੀ ਭਾਲ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here