ਅੰਮ੍ਰਿਤਸਰ ਪਹੁੰਚੇ ਭਾਜਪਾ ਆਗੂ ਤਰੁਨ ਚੁੱਘ/ ਸ੍ਰੀ ਰਾਮ ਤੀਰਥ ਤੇ ਦੁਰਗਿਆਣਾ ਮੰਦਿਰ ਟੇਕਿਆ ਮੱਥਾ/ ਭ੍ਰਿਸ਼ਟਾਚਾਰ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲ ਨਿਸ਼ਾਨਾ

0
2

ਸੀਨੀਅਰ ਭਾਜਪਾ ਆਗੂ ਤਰੁਨ ਚੁੱਘ ਅੱਜ ਅੰਮ੍ਰਿਤਸਰ ਦੌਰੇ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਸ੍ਰੀ ਰਾਮ ਤੀਰਥ ਅਤੇ ਦੁਰਗਿਆਣਾ ਮੰਦਿਰ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਧਾਰਮਿਕ ਅਤੇ ਆਧਿਆਤਮਿਕ ਪੱਖੋਂ ਬਹੁਤ ਹੀ ਮਹੱਤਵਪੂਰਨ ਧਰਤੀ ਹੈ। ਉਨ੍ਹਾਂ ਕਿਹਾ ਕਿ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਭਗਵਾਨ ਵਾਲਮੀਕੀ ਜੀ ਨੇ ਆਪਣਾ ਆਸ਼ਰਮ ਬਣਾਇਆ ਸੀ ਅਤੇ ਮਾਤਾ ਸੀਤਾ ਜੀ ਵੀ ਇੱਥੇ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਧਰਤੀ ਉਤੇ ਆ ਕੇ ਮੰਨ ਨੂੰ ਸ਼ਾਂਤੀ ਮਿਲਦੀ ਹੈ। ਇਸ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਵੱਲ ਤਿੱਖੇ ਨਿਸ਼ਾਨੇ ਸਾਧੇ।
ਉਨ੍ਹਾਂ ਅੱਗੇ ਕਿਹਾ ਕਿ ਇਸ ਧਰਤੀ ਨਾਲ ਕਈ ਪੌਰਾਣਿਕ ਕਥਾਵਾਂ ਜੁੜੀਆਂ ਹੋਈਆਂ ਹਨ ਅਤੇ ਇਹ ਸਥਾਨ ਆਤਮਿਕ ਸ਼ਕਤੀ ਦਾ ਕੇਂਦਰ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਜਗ੍ਹਾ ਸਦਾ ਤੋਂ ਹੀ ਲੋਕਾਂ ਨੂੰ ਆਤਮਿਕ ਤਾਕਤ ਪ੍ਰਦਾਨ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਧਰਤੀ ਦੇਵ ਭੂਮੀ ਵਜੋਂ ਜਾਣੀ ਜਾਂਦੀ ਹੈ ਅਤੇ ਇੱਥੇ ਆ ਕੇ ਆਸ਼ੀਰਵਾਦ ਪ੍ਰਾਪਤ ਕਰਨਾ ਵੱਡੀ ਗੱਲ ਹੈ।
ਇਸ ਦੌਰਾਨ ਉਨ੍ਹਾਂ ਨੇ ਸਿਆਸੀ ਮਾਮਲਿਆਂ ‘ਤੇ ਖੁੱਲ ਕੇ ਚਰਚਾ ਕੀਤੀ। ਪੰਜਾਬ ਵਿਧਾਨ ਸਭਾ ਵਿੱਚ ਹੋਈ ਤਾਜ਼ਾ ਘਟਨਾ ‘ਤੇ ਤਿੱਖੀ ਪ੍ਰਤੀਕ੍ਰਿਆ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪਵਿੱਤਰ ਸਦਨ ਵਿੱਚ ਜੋ ਕੁਝ ਵੀ ਹੋਇਆ, ਉਹ ਬਹੁਤ ਹੀ ਮੰਦਭਾਗਾ ਅਤੇ ਚਿੰਤਾਜਨਕ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜਿਹੜੇ ਲੋਕ ਨਸ਼ਿਆਂ ਦੇ ਖਿਲਾਫ ਲੜਾਈ ਦੀ ਗੱਲ ਕਰਦੇ ਹਨ, ਉਹ ਖੁਦ ਹੀ ਅਜਿਹੇ ਵਿਵਹਾਰ ਵਿੱਚ ਸ਼ਾਮਲ ਨਜ਼ਰ ਆ ਰਹੇ ਹਨ, ਜੋ ਲੋਕਤੰਤਰ ਲਈ ਠੀਕ ਨਹੀਂ।
ਉਨ੍ਹਾਂ ‘ਆਮ ਆਦਮੀ ਪਾਰਟੀ’ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪਾਰਟੀ ਦੇ ਅੰਦਰ ਭ੍ਰਿਸ਼ਟਾਚਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਕਈ ਨੇਤਾ ਪਾਰਟੀ ਛੱਡ ਰਹੇ ਹਨ, ਜਿਸ ਨਾਲ ਪਾਰਟੀ ਦਾ ਅਸਲੀ ਚਿਹਰਾ ਬੇਨਕਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਸਭ ਕੁਝ ਦੇਖ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸਦਾ ਕਰਾਰਾ ਜਵਾਬ ਦੇਵੇਗੀ। ਤਰਨ ਚੁੱਘ ਨੇ ਪੱਛਮੀ ਬੰਗਾਲ ਦੀ ਰਾਜਨੀਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਾਂ ਨੇ ਆਪਣਾ ਫੈਸਲਾ ਕਰ ਲਿਆ ਹੈ ਅਤੇ ਪ੍ਰਧਾਨ ਮੰਤਰੀ ਨਰੇੰਦਰ ਮੋਦੀ ਦੀ ਅਗਵਾਈ ‘ਤੇ ਭਰੋਸਾ ਜਤਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਦੇਸ਼ ਦੀ ਰਾਜਨੀਤੀ ਵਿੱਚ ਵੱਡੇ ਬਦਲਾਅ ਵੇਖਣ ਨੂੰ ਮਿਲਣਗੇ।

 

LEAVE A REPLY

Please enter your comment!
Please enter your name here