ਪੰਜਾਬ ਅੰਮ੍ਰਿਤਸਰ ’ਚ ਭਾਜਪਾ ਆਗੂ ਦੇ ਪੋਸਟਰ ਨੂੰ ਲੈ ਕੇ ਵਿਵਾਦ/ ਗੰਦੀ ਥਾਂ ’ਤੇ ਲਾਇਆ ਦਰਬਾਰ ਸਾਹਿਬ ਦੀ ਫੋਟੋ ਵਾਲਾ ਪੋਸਟਰ/ ਗਿਆਨੀ ਰਘਬੀਰ ਸਿੰਘ ਨੇ ਜਤਾਇਆ ਰੋਸ By admin - March 3, 2026 0 5 Facebook Twitter Pinterest WhatsApp ਅੰਮ੍ਰਿਤਸਰ ਵਿਖੇ ਭਾਜਪਾ ਆਗੂ ਜਗਮੋਹਨ ਸਿੰਘ ਰਾਜੂ ਦੇ ਪੋਸਟਰਾਂ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਅੰਮ੍ਰਿਤਸਰ ਨੁੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਬਾਰੇ ਲਗਾਏ ਗਏ ਇਨ੍ਹਾਂ ਪੋਸਟਰਾਂ ਉਤੇ ਸ੍ਰੀ ਦਰਬਾਰ ਸਾਹਿਬ ਦੀ ਫੋਟੋ ਛਾਪੀ ਗਈ ਹੈ। ਇਸੇ ਨੂੰ ਲੈ ਕੇ ਸੰਗਤ ਵਿਚ ਰੋਸ ਪਾਇਆ ਜਾ ਰਿਹਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੋਸਟਰਾਂ ਉਤੇ ਇਤਰਾਜ ਜਾਹਰ ਕਰਦਿਆਂ ਕਿਹਾ ਕਿ ਇਹ ਪੋਸਟਰ ਗੰਦੀਆਂ ਥਾਵਾਂ ਉਤੇ ਲਗਾਏ ਗਏ ਹਨ, ਜੋ ਮਰਿਆਦਾ ਦੀ ਉਲੰਘਣਾ ਹੈ। ਉਨ੍ਹਾਂ ਭਾਜਪਾ ਆਗੂ ਤੋਂ ਇਨ੍ਹਾਂ ਪੋਸਟਰਾਂ ਨੂੰ ਗੰਦੀਆਂ ਥਾਵਾਂ ਤੋਂ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਰਸਾਉਣ ਵਾਲੇ ਇਨ੍ਹਾਂ ਪੋਸਟਰਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਤਸਵੀਰ ਛਾਪੀ ਗਈ ਹੈ, ਪਰ ਇਨ੍ਹਾਂ ਨੂੰ ਸ਼ਹਿਰ ਦੀਆਂ ਅਜਿਹੀਆਂ ਗੰਦੀਆਂ ਥਾਵਾਂ ਉਤੇ ਲਗਾਇਆ ਗਿਆ ਹੈ, ਜਿੱਥੇ ਕੂੜੇ ਦੇ ਢੇਰ ਹਨ ਜਾਂ ਉੱਥੇ ਲੋਕ ਪਿਸ਼ਾਬ ਕਰਦੇ ਹਨ। ਗਿਆਨੀ ਰਘਬੀਰ ਸਿੰਘ ਨੇ ਇਸ ਨੂੰ ਸਿੱਧੇ ਤੌਰ ‘ਤੇ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਦੀ ਉਲੰਘਣਾ ਅਤੇ ਬੇਅਦਬੀ ਕਰਾਰ ਦਿੰਦਿਆਂ ਕਿਹਾ ਕਿ ਆਪਣੀ ਪਬਲਿਸਿਟੀ ਲਈ ਪਵਿੱਤਰ ਅਸਥਾਨਾਂ ਦੀਆਂ ਤਸਵੀਰਾਂ ਦੀ ਵਰਤੋਂ ਕਰਨਾ ਵੈਸੇ ਹੀ ਗਲਤ ਹੈ, ਪਰ ਜੇਕਰ ਅਜਿਹਾ ਕਰਨਾ ਵੀ ਹੈ ਤਾਂ ਪੋਸਟਰ ਬੇਹੱਦ ਸਾਫ਼-ਸੁਥਰੀਆਂ ਅਤੇ ਸਤਿਕਾਰਤ ਥਾਵਾਂ ‘ਤੇ ਲਗਾਏ ਜਾਣੇ ਚਾਹੀਦੇ ਹਨ। ਉਨ੍ਹਾਂ ਮੰਗ ਕੀਤੀ ਕਿ ਗੰਦਗੀ ਵਾਲੀਆਂ ਥਾਵਾਂ ‘ਤੇ ਲੱਗੇ ਇਨ੍ਹਾਂ ਪੋਸਟਰਾਂ ਨੂੰ ਤੁਰੰਤ ਹਟਾਇਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਜਿਹੀਆਂ ਹਰਕਤਾਂ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਡੂੰਘੀ ਚੋਟ ਪਹੁੰਚਦੀ ਹੈ ਅਤੇ ਕਿਸੇ ਵੀ ਸਿਆਸੀ ਆਗੂ ਨੂੰ ਆਪਣੀ ਮਸ਼ਹੂਰੀ ਲਈ ਗੁਰੂ ਘਰ ਦੇ ਸਤਿਕਾਰ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।