ਨਾਭਾ ’ਚ ਡਰੇਨਾ ਦੀ ਸਫਾਈ ਨਾ ਹੋਣ ਤੋਂ ਲੋਕਾਂ ਅੰਦਰ ਦਹਿਸ਼ਤ/ ਆਉਂਦੇ ਬਰਸਾਤਾਂ ਦੇ ਸੀਜ਼ਨ ਦੌਰਾਨ ਹੜ੍ਹਾਂ ਦੀ ਪ੍ਰਗਟਾਈ ਸ਼ੰਕਾ/ ਕਿਸਾਨ ਜਥੇਬੰਦੀਆਂ ਨੇ ਨਹਿਰੀ ਵਿਭਾਗ ਤੋਂ ਛੇਤੀ ਧਿਆਨ ਦੇਣ ਦੀ ਮੰਗ

0
4

ਮੌਸਮ ਵਿਭਾਗ ਨੇ ਇਸ ਵਾਰ ਮੌਨਸੂਨ ਭਰਵੀਂ ਦੀ ਭਵਿੱਖਬਾਣੀ ਕੀਤੀ ਐ, ਜਿਸ ਦੇ ਮੱਦੇਨਜਰ ਆਉਂਦੇ ਕੁੱਝ ਦਿਨਾਂ ਬਾਅਦ ਭਾਰੀ ਮੀਂਹਾਂ ਦਾ ਸਿਲਸਿਲਾ ਸ਼ੁਰੂ ਹੋ ਸਕਦਾ ਐ। ਗੱਲ ਜੇਕਰ ਨਾਭਾ ਸ਼ਹਿਰ ਦੀ ਕੀਤੀ ਜਾਵੇ ਤਾਂ ਹਲਕੇ ਦੇ 20 ਪਿੰਡਾਂ ਦੇ ਲੋਕ ਮੀਂਹ ਦੀ ਆਮਦ ਤੋਂ ਦਹਿਸ਼ਤ ਵਿਚ ਨੇ। ਲੋਕਾਂ ਦੇ ਦਹਿਸ਼ਤ ਵਿਚ ਹੋਣ ਦੀ ਵਜ੍ਹਾਂ ਹਲਕੇ ਅੰਦਰੋਂ ਲੰਘਦੀ ਭੋੜੇ ਸੈਫਨ ਡਰੇਨ ਐ, ਜੋ ਸਫਾਈ ਨਾ ਹੋਣ ਕਾਰਨ ਬੰਦ ਹੋਣ ਕਿਨਾਰੇ ਪਹੁੰਚ ਚੁੱਕੀ ਐ। ਲੋਕਾਂ ਨੇ ਜ਼ਿਆਦਾ ਮੀਂਹ ਪੈਣ ਦੀ ਦੀ ਸੂਰਤ ਵਿਚ ਹੜ੍ਹਾਂ ਦੀ ਸ਼ੰਕਾ ਜਾਹਰ ਕੀਤੀ ਐ।  ਉਧਰ ਸਥਾਨਕ ਵਾਸੀਆਂ ਦੀ ਪਿੱਠ ਤੇ ਆਈਆਂ ਕਿਸਾਨ ਜਥੇਬੰਦੀਆਂ ਨੇ ਡਰੇਨ ਵਿਭਾਗ ਨੂੰ ਡਰੇਨ ਦੀ ਤੁਰੰਤ ਸਫਾਈ ਕਰਨ ਦੀ ਚਿਤਾਵਨੀ ਦਿੱਤੀ ਐ। ਜਥੇਬੰਦੀਆਂ ਨੇ ਕਿਹਾ ਕਿ ਜੇਕਰ ਡਰੇਨ ਵਿਭਾਗ ਛੇਤੀ ਹਰਕਤ ਵਿਚ ਨਾ ਆਇਆ ਤਾਂ ਵੱਡਾ ਸੰਘਰਸ਼ ਵਿੱਡਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਬੰਧਤ ਵਿਭਾਗ ਦੀ ਹੋਵੇਗੀ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਡਰੇਨਜ ਵਿਭਾਗ ਨੂੰ ਚੇਤਾਵਨੀ ਦਿੱਤੀ ਐ ਕਿ ਜੇਕਰ ਇੱਕ ਹਫਤੇ ਦੇ ਅੰਦਰ ਅੰਦਰ ਸਫਾਈ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਵੱਡਾ ਸੰਘਰਸ਼ ਕਰਨਾ ਪਵੇਗਾ, ਜਿਸ ਦੀ ਪੂਰੀ ਜਿੰਮੇਵਾਰੀ ਵਿਭਾਗ ਦੀ ਹੋਵੇਗੀ। ਜਦੋਂ ਡਰੇਨਜ ਵਿਭਾਗ ਦੇ ਐਕਸੀਅਨ ਪ੍ਰਥਮ ਗੰਭੀਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਵਿਭਾਗ ਕੋਲ ਫੰਡ ਦੀ ਘਾਟ ਹੈ ਅਤੇ ਇਸ ਕਰਕੇ ਸੈਫਨ ਦੀ ਸਫਾਈ ਕਰਵਾਉਣਾ ਸੰਭਵ ਨਹੀਂ। ਭੋੜੇ ਸੈਫਨ ਰਾਹੀਂ ਲੰਘਣ ਵਾਲਾ ਚੋਆ ਨਾਭਾ ਹਲਕੇ ਦੇ 25 ਕਿਲੋਮੀਟਰ ਖੇਤਰ ਵਿਚੋਂ ਲੰਘਦਾ ਹੈ, ਜਿਸ ਕਾਰਨ ਹਰੇਕ ਵਾਰੀ ਹੜ੍ਹ ਦੇ ਪਾਣੀ ਨਾਲ ਇਲਾਕੇ ਦੀ ਹਜ਼ਾਰਾਂ ਏਕੜ ਫਸਲ ਤਬਾਹ ਹੋ ਜਾਂਦੀ ਹੈ। ਪਿਛਲੇ ਸਾਲ ਵੀ ਸਥਿਤੀ ਇੰਨੀ ਹੀ ਭਿਆਨਕ ਸੀ, ਜਦੋਂ ਹੜ੍ਹ ਦੇ ਪਾਣੀ ਨੇ ਵੱਡਾ ਨੁਕਸਾਨ ਕੀਤਾ ਸੀ। ਪਿੰਡ ਵਾਸੀ ਬਲਦੇਵ ਸਿੰਘ ਨੇ ਦੱਸਿਆ ਕਿ ਸੈਫਨ ਦੇ ਸਾਰੇ ਰਸਤੇ ਜ਼ਮੀਨ ਮਿੱਟੀ ਨਾਲ ਰੁਕੇ ਹੋਏ ਹਨ ਤੇ ਸਿਰਫ ਇੱਕ ਹੀ ਪੁਲ ਰਾਹੀਂ ਪਾਣੀ ਲੰਘ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਥਿਤੀ ਸਿਰਫ਼ ਵਿਭਾਗ ਦੀ ਲਾਪਰਵਾਹੀ ਕਾਰਨ ਬਣੀ ਹੈ, ਕਿਉਂਕਿ ਉਹਨਾਂ ਵੱਲੋਂ ਕਈ ਵਾਰ ਫਰੀਅਦਾਂ ਕੀਤੀਆਂ ਗਈਆਂ ਪਰ ਕੋਈ ਕਾਰਵਾਈ ਨਹੀਂ ਹੋਈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਸਾਲੂਵਾਲ ਨੇ ਵੀ ਸਥਿਤੀ ਨੂੰ ਗੰਭੀਰ ਦੱਸਦੇ ਹੋਏ ਕਿਹਾ ਕਿ ਹੁਣ ਹਫਤਾ ਅੰਤਿਮ ਹੈ। ਜੇਕਰ ਭੋੜੇ ਸੈਫਨ ਦੀ ਸਫਾਈ ਨਾ ਹੋਈ ਤਾਂ ਲੱਖਾਂ ਰੁਪਏ ਦੀਆਂ ਫਸਲਾਂ ਹੜ੍ਹ ਕਾਰਨ ਤਬਾਹ ਹੋਣਗੀਆਂ ਅਤੇ ਪਿੰਡ ਵਾਸੀ ਮੁੜ ਹਮਲਾਵਰ ਰੂਪ ਵਿਚ ਵਿਭਾਗ ਦੇ ਦਫਤਰਾਂ ਦਾ ਘਿਰਾਓ ਕਰਨਗੇ।

LEAVE A REPLY

Please enter your comment!
Please enter your name here