
ਖੰਨਾ ਦੇ ਗਲਵੱੜੀ ਇਲਾਕੇ ਵਿਚੋਂ ਤਿੰਨ ਲੜਕੀਆਂ ਦੇ ਭੇਦਭਰੀ ਹਾਲਤ ਵਿਚ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਇੱਥੇ ਦੀ ਆਹਲੂਵਾਲੀਆਂ ਕਾਲੋਨੀ ਵਿਚ ਰਹਿਣ ਵਾਲੀਆਂ ਪਰਵਾਸੀ ਪਰਿਵਾਰਾਂ ਦੀਆਂ ਤਿੰਨ ਲੜਕੀਆਂ ਬੀਤੀ 25 ਦੀ ਦੁਪਹਿਰ ਨੂੰ ਅਚਾਨਕ ਆਪਣੇ ਘਰਾਂ ਤੋਂ ਗਾਇਬ ਹੋ ਗਈਆਂ, ਜਿਨ੍ਹਾਂ ਬਾਰੇ ਤਿੰਨ ਦਿਨ ਬੀਤਣ ਬਾਅਦ ਵੀ ਕੋਈ ਸੁਰਾਗ ਨਹੀਂ ਲੱਗਿਆ। ਲਾਪਤਾ ਕੁੜੀਆਂ ਦੀ ਉਮਰ 8, 11 ਅਤੇ 13 ਸਾਲ ਦੱਸੀ ਜਾ ਰਹੀ ਹੈ। ਪੁਲਿਸ ਨੇ ਟੀਮਾਂ ਬਣਾ ਕੇ ਲੜਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਐ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਘਟਨਾ ਸਮੇਂ ਉਹ ਕੰਮ ‘ਤੇ ਗਏ ਹੋਏ ਸਨ ਅਤੇ ਜਦੋਂ ਸ਼ਾਮ ਨੂੰ ਵਾਪਸ ਆਏ ਤਾਂ ਗੁਆਂਢ ਦੀਆਂ ਤਿੰਨੋਂ ਕੁੜੀਆਂ ਆਪਣੇ ਘਰੋਂ ਗਾਇਬ ਸਨ। ਜਦੋਂ ਕਾਫ਼ੀ ਭਾਲ ਕਰਨ ਤੋਂ ਬਾਅਦ ਵੀ ਕੁੜੀਆਂ ਨਹੀਂ ਮਿਲੀਆਂ ਤਾਂ ਪਰਿਵਾਰ ਨੇ ਤੁਰੰਤ ਸਿਟੀ ਪੁਲਿਸ ਸਟੇਸ਼ਨ-2 ਵਿਖੇ ਸ਼ਿਕਾਇਤ ਦਰਜ ਕਰਵਾਈ। ਉਧਰ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਐਸਐਸਪੀ ਡਾ. ਜੋਤੀ ਯਾਦਵ ਨੇ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ ਅਤੇ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਜਾਂਚ ਲਈ ਸਿਟੀ ਪੁਲਿਸ ਸਟੇਸ਼ਨ-2, ਸੀਆਈਏ ਸਟਾਫ, ਸਪੈਸ਼ਲ ਬ੍ਰਾਂਚ ਅਤੇ ਟੈਕਨੀਕਲ ਸੈੱਲ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਅਣਪਛਾਤੇ ਲੋਕਾਂ ਖ਼ਿਲਾਫ਼ ਕੁੜੀਆਂ ਨੂੰ ਵਰਗਲਾ ਕੇ ਭਜਾ ਕੇ ਲੈ ਜਾਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਇਲਾਕੇ ਦੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਅਤੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਦੀ ਫੁਟੇਜ ਵੀ ਸਕੈਨ ਕੀਤੀ ਜਾ ਰਹੀ ਹੈ। ਹਾਲਾਂਕਿ, ਕੁੜੀਆਂ ਕੋਲ ਕੋਈ ਮੋਬਾਈਲ ਫੋਨ ਨਹੀਂ ਹੈ, ਜਿਸ ਕਾਰਨ ਉਨ੍ਹਾਂ ਦੀ ਸਥਿਤੀ ਦਾ ਪਤਾ ਲਗਾਉਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਇਸ ਦੇ ਬਾਵਜੂਦ, ਪੁਲਿਸ ਇੱਕ ਤੋਂ ਬਾਅਦ ਇੱਕ ਕੜੀਆਂ ਜੋੜ ਕੇ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਪਰਿਵਾਰ ਮੂਲ ਰੂਪ ਵਿੱਚ ਦੂਜੇ ਰਾਜਾਂ ਤੋਂ ਹੈ ਅਤੇ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ। ਇਸ ਵੇਲੇ ਹਰ ਸ਼ੱਕੀ ਗਤੀਵਿਧੀ ‘ਤੇ ਨਜ਼ਰ ਰੱਖੀ ਜਾ ਰਹੀ ਹੈ, ਤਾਂ ਜੋ ਕੁੜੀਆਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਬਰਾਮਦ ਕੀਤਾ ਜਾ ਸਕੇ।

