ਮੋਹਾਲੀ ’ਚ ਗਊਆਂ ਨੂੰ ਚਾਰਾ ਪਾਉਂਦੀ ਮਹਿਲਾ ਦੀ ਮੌਤ; ਪੱਠੇ ਕੁਤਰਨ ਵਾਲੇ ਟੋਕੇ ’ਚ ਚੁੰਨੀ ਫਸਣ ਕਾਰਨ ਗਈ ਜਾਨ; ਪ੍ਰਬੰਧਕਾਂ ਦੀ ਲਾਪ੍ਰਵਾਹੀ ਆਈ ਸਾਹਮਣੇ

0
8

ਮੋਹਾਲੀ ਦੇ ਫੇਸ ਇਕ ਵਿਖੇ ਸਥਿਤ ਗਊ ਹਸਪਤਾਲ ਅੰਦਰ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਗਊਆਂ ਨੂੰ ਚਾਰਾ ਪਾਉਣ ਪਹੁੰਚੀ ਅਧਿਆਪਕਾ ਦੀ ਪੱਠੇ ਕੁਤਰਨ ਵਾਲੀ ਮਸ਼ੀਨ ਵਿਚ ਚੁੰਨੀ ਫਸਣ ਕਾਰਨ ਮੌਤ ਹੋ ਗਈ। ਮ੍ਰਿਤਕਾ ਤਸਲਾ ਲੈ ਕੇ ਪੱਠੇ ਭਰਨ ਲੱਗੀ ਸੀ ਕਿ ਉਸ ਦੀ ਚੁੰਨੀ ਮਸ਼ੀਨ ਅੰਦਰ ਫਸ ਗਈ। ਪੀੜਤਾ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਇਸੇ ਦੌਰਾਨ ਗਊਸ਼ਾਲਾ  ਪ੍ਰਬੰਧਕਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇਸ ਗੌਸ਼ਾਲਾ ਵਿੱਚ ਚਾਰੇ ਦੀ ਮਸ਼ੀਨ ਬਿਲਕੁਲ ਖੁੱਲ੍ਹੇ ਵਿੱਚ ਰੱਖੀ ਹੋਈ ਸੀ। ਲੋਕ ਉਸੇ ਥਾਂ ਤੋਂ ਚਾਰਾ ਭਰਦੇ ਅਤੇ ਗਾਂਵਾਂ ਨੂੰ ਖਿਲਾਉਂਦੇ ਹਨ। ਇਹ ਮਸ਼ੀਨ ਬਿਨਾ ਕਿਸੇ ਸੁਰੱਖਿਆ ਪ੍ਰਬੰਧ ਦੇ ਰੱਖੀ ਹੋਣ ਕਾਰਨ ਹਾਦਸਾ ਵਾਪਰਿਆ ਐ।
ਇਸ ਹਾਦਸੇ ਵਿੱਚ ਜਾਨ ਗੁਆਉਣ ਵਾਲੀ ਮਹਿਲਾ ਦੀ ਪਛਾਣ ਅਮਨਦੀਪ ਕੌਰ ਵਜੋਂ ਹੋਈ ਐ ਜੋ ਕਿ ਖਰੜ ਦੀ ਰਹਿਣ ਵਾਲੀ ਸੀ। ਉਹ ਮੋਹਾਲੀ ਜ਼ਿਲ੍ਹੇ ਦੀ ਸਾਈਬਰ ਸੈਲ ਦੀ ਡਿਪਟੀ ਸੂਪਰਿੰਟੈਂਡੈਂਟ ਆਫ ਪੁਲਿਸ ਰੂਪਿੰਦਰ ਕੌਰ ਦੀ ਰਿਸ਼ਤੇਦਾਰ ਐ। ਮ੍ਰਿਤਕਾ ਦੀ ਧੀ ਵਿਦੇਸ਼ ਵਿਚ ਰਹਿੰਦੀ ਹੈ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਲੋਕਾਂ ਵਿੱਚ ਗਮੀ ਦਾ ਮਾਹੌਲ ਹੈ।
ਘਟਨਾ ਤੋਂ ਬਾਅਦ ਲੋਕਾ ਅੰਦਰ ਗੁੱਸਾ ਪਾਇਆ ਜਾ ਰਿਹਾ ਐ। ਲੋਕਾਂ ਦਾ ਕਹਿਣਾ ਹੈ ਕਿ ਗਊਸ਼ਾਲਾ ਪ੍ਰਬੰਧਕਾਂ ਵੱਲੋਂ ਕਿਸੇ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਗਏ ਸਨ, ਜਿਸ ਦੇ ਚਲਦਿਆਂ ਇਹ ਦਰਦਨਾਕ ਹਾਦਸਾ ਵਾਪਰਿਆ। ਲੋਕਾਂ ਨੇ ਪ੍ਰਬੰਧਕਾਂ ਨੂੰ ਸਿੱਧੇ ਤੌਰ ‘ਤੇ ਦੋਸ਼ੀ ਕਰਾਰ ਦਿੰਦਿਆਂ ਕਾਰਵਾਈ ਦੀ ਮੰਗ ਕੀਤੀ ਐ।
ਦੂਜੇ ਪਾਸੇ, ਗਊਸ਼ਾਲਾ ਦੇ ਪ੍ਰਬੰਧਕਾਂ ਨੇ ਵੀ ਆਪਣੀ ਗਲਤੀ ਮੰਨਦਿਆਂ ਕਿਹਾ ਕਿ ਮਸ਼ੀਨ ਖੁੱਲ੍ਹੇ ਵਿੱਚ ਰੱਖਣਾ ਗਲਤ ਸੀ, ਜਿਸ ਕਾਰਨ ਹਾਦਸਾ ਵਾਪਰਿਆ ਐ। ਇਸੇ ਦੌਰਾਨ ਲੋਕਾਂ ਅਤੇ ਪ੍ਰਬੰਧਕਾਂ ਵਿਚਾਲੇ ਬਹਿਸ ਵੀ ਹੋਈ। ਘਟਨਾ ਤੋਂ ਬਾਅਦ ਪ੍ਰਸ਼ਾਸਨ ਦੀ ਕਾਰਗੁਜਾਰੀ ਤੇ ਵੀ ਸਵਾਲ ਉੱਠਣ ਲੱਗੇ ਨੇ। ਲੋਕਾਂ ਦਾ ਕਹਿਣਾ ਐ ਕਿ ਸੁਰੱਖਿਆ ਪ੍ਰਬੰਧਾਂ ਵੱਲ ਪ੍ਰਸ਼ਾਸਨ ਨੂੰ ਵੀ ਧਿਆਨ ਦੇਣਾ ਚਾਹੀਦਾ ਸੀ। ਲੋਕਾਂ ਨੇ ਗਊਸ਼ਾਲਾ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਤੋਂ ਗਊਸ਼ਾਲਾਵਾਂ ਅੰਦਰ ਮੌਜੂਦ ਮਸ਼ੀਨਾਂ ਅਤੇ ਹੋਰ ਉਪਕਰਣਾਂ ਲਈ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਦੀ ਮੰਗ ਕੀਤੀ ਐ ਤਾਂ ਜੋ ਅੱਗੇ ਤੋਂ ਕੋਈ ਅਜਿਹਾ ਹਾਦਸਾ ਨਾ ਵਾਪਰ ਸਕੇ।

LEAVE A REPLY

Please enter your comment!
Please enter your name here