ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਅਮ, ਗਾਂਧੀ ਗਰਾਊਂਡ ਵਿੱਚ 15 ਅਗਸਤ ਦੇ 79ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਰਾਸ਼ਟਰੀ ਜੋਸ਼ ਅਤੇ ਦੇਸ਼ ਭਗਤੀ ਦੀਆਂ ਗੂੰਜਾਂ ਨਾਲ ਮਾਹੌਲ ਰੰਗਿਆ ਹੋਇਆ ਸੀ। ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਤਿਰੰਗਾ ਲਹਿਰਾਇਆ ਅਤੇ ਪੰਜਾਬ ਪੁਲਿਸ ਦੀਆਂ ਵੱਖ-ਵੱਖ ਟੀਮਾਂ ਦੇ ਟੁਕੜੀਆਂ ਵੱਲੋਂ ਪੇਸ਼ ਕੀਤੀ ਸਲਾਮੀ ਕਬੂਲ ਕੀਤੀ। ਇਸ ਮੌਕੇ ‘ਤੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰਦਰਸ਼ਨ, ਭੰਗੜੇ ਅਤੇ ਦੇਸ਼ ਭਗਤੀ ਗੀਤਾਂ ਨਾਲ ਦਰਸ਼ਕਾਂ ਨੂੰ ਮੋਹ ਲਿਆ ਗਿਆ। ਸਮਾਰੋਹ ਦੀ ਸ਼ੁਰੂਆਤ ਰਾਸ਼ਟਰੀ ਝੰਡੇ ਦੇ ਲਹਿਰਾਉਣ ਨਾਲ ਹੋਈ, ਜਿਸ ਤੋਂ ਬਾਅਦ ਪੁਲਿਸ ਜਵਾਨਾਂ ਦੀ ਸ਼ਾਨਦਾਰ ਪਰੇਡ ਹੋਈ। ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਭਾਰਤੀ ਏਕਤਾ, ਪੰਜਾਬੀ ਸੱਭਿਆਚਾਰ ਅਤੇ ਆਜ਼ਾਦੀ ਸੰਘਰਸ਼ ‘ਤੇ ਆਧਾਰਿਤ ਪ੍ਰੋਗਰਾਮ ਪੇਸ਼ ਕੀਤੇ ਗਏ।
ਸਮਾਰੋਹ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਟ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਆਜ਼ਾਦੀ ਸਿਰਫ਼ ਇੱਕ ਇਤਿਹਾਸਕ ਮਿਤੀ ਨਹੀਂ, ਸਗੋਂ ਜੀਵਨ ਦੇ ਹਰ ਖੇਤਰ ਵਿੱਚ ਸੁਤੰਤਰਤਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ, “ਜਿਵੇਂ ਸਾਡੇ ਆਜ਼ਾਦੀ ਦੇ ਸੂਰਮਿਆਂ ਨੇ ਕਾਲੇ ਪਾਣੀ ਦੀ ਸਜ਼ਾ, ਜੇਲ੍ਹਾਂ ਅਤੇ ਫਾਂਸੀਆਂ ਦਾ ਸਾਹਮਣਾ ਕਰਕੇ ਸਾਨੂੰ ਰਾਜਨੀਤਿਕ ਆਜ਼ਾਦੀ ਦਵਾਈ, ਉਸੇ ਤਰ੍ਹਾਂ ਅੱਜ ਦੀ ਦੇਸ਼ ਭਗਤੀ ਦਾ ਮਤਲਬ ਹੈ ਆਰਥਿਕ, ਸਮਾਜਿਕ ਅਤੇ ਵਿਚਾਰਾਂ ਦੀ ਆਜ਼ਾਦੀ।”
ਉਨ੍ਹਾਂ ਨੇ ਸਮਝਾਇਆ ਕਿ ਆਰਥਿਕ ਆਜ਼ਾਦੀ ਦਾ ਮਤਲਬ ਹੈ-ਹਰ ਬੱਚੇ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਦੀ ਸਹੂਲਤ, ਭਾਵੇਂ ਉਹ ਕਿਸੇ ਵੀ ਧਰਮ ਜਾਂ ਜਾਤ ਨਾਲ ਸੰਬੰਧਿਤ ਹੋਵੇ। “ਗਰੀਬੀ ਦੀ ਰੇਖਾ ਤੋਂ ਹੇਠਾਂ ਜਾਂ ਉੱਪਰ ਹੋਣ ਤੋਂ ਬਿਨਾਂ, ਹਰ ਬੱਚਾ ਪੜ੍ਹਿਆ-ਲਿਖਿਆ ਹੋਵੇ ਅਤੇ ਰੁਜ਼ਗਾਰ ਪ੍ਰਾਪਤ ਕਰੇ, ਇਹੀ ਅਸਲ ਖੁਸ਼ਹਾਲੀ ਹੈ, ਕੈਬਨਟ ਮੰਤਰੀ ਬਲਬੀਰ ਸਿੰਘ ਨੇ ਅੱਗੇ ਬੋਲਦਿਆਂ ਕਿਹਾ ਕਿ ਬਿਮਾਰੀ, ਗੰਦਗੀ ਅਤੇ ਬੇਰੁਜ਼ਗਾਰੀ ਤੋਂ ਮੁਕਤੀ ਵੀ ਆਜ਼ਾਦੀ ਦਾ ਅਹਿਮ ਹਿੱਸਾ ਹੈ। “ਜਦੋਂ ਸ਼ਹਿਰਾਂ ਵਿੱਚ ਸਾਰੀਆਂ ਆਧੁਨਿਕ ਸਹੂਲਤਾਂ ਹੋਣ, ਲੋਕਾਂ ਨੂੰ ਸਿਹਤਮੰਦ ਜੀਵਨ ਮਿਲੇ ਅਤੇ ਸਮਾਜ ਵਿੱਚ ਭੇਦਭਾਵ ਨਾ ਰਹੇ, ਤਦ ਹੀ ਅਸੀਂ ਸੱਚਮੁੱਚ ਆਜ਼ਾਦ ਹੋਏ ਕਹਾ ਸਕਦੇ ਹਾਂ।
ਕੈਬਨਟ ਮੰਤਰੀ ਨੇ ਪੰਜਾਬ ਨੂੰ ਨਸ਼ਾ ਮੁਕਤ, ਪੜ੍ਹਿਆ-ਲਿਖਿਆ ਅਤੇ ਉਦਯੋਗਿਕ ਰਾਜ ਬਣਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਦੇ ਮੁਤਾਬਕ, “ਜੇ ਸਾਰੇ ਧਰਮ, ਭਾਸ਼ਾਵਾਂ ਅਤੇ ਖੇਤਰਾਂ ਦੇ ਲੋਕ ਇਕੱਠੇ ਹੋ ਕੇ ਕੰਮ ਕਰਨ, ਤਾਂ ਸਾਡੇ ਰਾਜ ਨੂੰ ਤੇ ਦੇਸ਼ ਨੂੰ ਦੁਨੀਆ ਦਾ ਨੰਬਰ ਵਨ ਬਣਨ ਤੋਂ ਕੋਈ ਨਹੀਂ ਰੋਕ ਸਕਦਾ।” ਉਨ੍ਹਾਂ ਨੇ ਗੁਰੂ ਸਾਹਿਬਾਨ ਦੀ ਸਰਬੱਤ ਦੇ ਭਲੇ ਦੀ ਸਿੱਖਿਆ ਨੂੰ ਯਾਦ ਕਰਦੇ ਹੋਏ ਕਿਹਾ ਕਿ ਆਪਸੀ ਮੇਲ-ਮਿਲਾਪ ਅਤੇ ਪਿਆਰ ਨਾਲ ਹੀ ਪੰਜਾਬ ਖੁਸ਼ਹਾਲ ਬਣ ਸਕਦਾ ਹੈ।