ਮੋਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅੱਜ ਸ਼ਹਿਰ ਦੇ ਫੇਜ-6 ਵਿਖੇ ਸਥਿਤ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਆਜ਼ਾਦੀ ਦਿਵਸ ਜਸ਼ਨਾਂ ਦੀ ਰਿਹਰਸਲ ਦੇ ਪਹਿਲੇ ਦਿਨ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਜ਼ਾਦੀ ਦਿਵਸ ਮੌਕੇ ਕਰਵਾਏ ਜਾਣ ਵਾਲੇ ਸਮਾਗਮਾਂ ਨੂੰ ਸੰਚਾਰੂ ਢੰਗ ਨਾਲ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ। ਵਿਦਿਆਰਥੀਆਂ, ਐਨ.ਸੀ.ਸੀ. ਕੈਡਿਟਾਂ ਅਤੇ ਸਕੂਲ ਬੈਂਡ ਟੀਮਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦਾ ਵਿਭਿੰਨਤਾਵਾਂ ਭਰਪੂਰ ਸੱਭਿਆਚਾਰ ਦੇਸ਼ ਦੀ ਆਨ-ਸ਼ਾਨ ਦੀ ਰਾਖੀ ਲਈ ਹਮੇਸ਼ਾ ਦ੍ਰਿੜ੍ਹ ਰਿਹਾ ਹੈ।
ਬਾਅਦ ਵਿੱਚ, ਜਸ਼ਨਾਂ ਵਿੱਚ ਸ਼ਾਮਲ ਵੱਖ-ਵੱਖ ਵਿਭਾਗਾਂ ਨਾਲ ਇੱਕ ਵਿਸਤ੍ਰਿਤ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ, ਡਿਪਟੀ ਕਮਿਸ਼ਨਰ ਨੇ ਤਿਆਰੀਆਂ ਅਤੇ ਸੌਂਪੀਆਂ ਗਈਆਂ ਡਿਊਟੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਮਾਗਮ ਦੇ ਸੁਚਾਰੂ ਆਯੋਜਨ ਨੂੰ ਯਕੀਨੀ ਬਣਾਉਣ ਲਈ ਇੱਕ ਹਾਂ-ਪੱਖੀ ਅਤੇ ਵਚਨਬੱਧ ਪਹੁੰਚ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਖੇਤੀਬਾੜੀ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਗੁਰਮੀਤ ਸਿੰਘ ਖੁੱਡੀਆਂ 15 ਅਗਸਤ ਨੂੰ ਮੁੱਖ ਮਹਿਮਾਨ ਹੋਣਗੇ, ਜਦੋਂ ਕਿ ਅੰਤਿਮ ਰਿਹਰਸਲ 13 ਅਗਸਤ ਨੂੰ ਸਵੇਰੇ 9:00 ਵਜੇ ਹੋਵੇਗੀ।
ਜਸ਼ਨਾਂ ਵਿੱਚ ਮਾਰਚ ਪਾਸਟ ਅਤੇ ਸੱਭਿਆਚਾਰਕ ਗਤੀਵਿਧੀਆਂ ਦੇ ਨਾਲ-ਨਾਲ ਰਾਜ ਦੇ ਪ੍ਰਮੁੱਖ ਲੋਕ ਪੱਖੀ ਪ੍ਰੋਗਰਾਮਾਂ ਅਤੇ ਭਲਾਈ ਸਕੀਮਾਂ ਨੂੰ ਦਰਸਾਉਂਦੀਆਂ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ। ਜੀ.ਡੀ. ਗੋਇਨਕਾ ਪਬਲਿਕ ਸਕੂਲ, ਮੋਹਾਲੀ; ਸਤਲੁਜ ਵਰਲਡ ਪਬਲਿਕ ਸਕੂਲ, ਸੁੰਦਰਾਂ; ਸੇਂਟ ਸਟੀਫਨ ਸਕੂਲ, ਟੋਗਨ, ਨਿਊ ਚੰਡੀਗੜ੍ਹ; ਪੈਰਾਗਨ ਸਕੂਲ, ਮੋਹਾਲੀ; ਸ਼ਿਵਾਲਿਕ ਪਬਲਿਕ ਸਕੂਲ, ਫੇਜ਼ 6, ਮੋਹਾਲੀ; ਅਤੇ ਦ ਮਿਲੇਨੀਅਮ ਸਕੂਲ, ਮੋਹਾਲੀ ਦੇ ਵਿਦਿਆਰਥੀ ਸੱਭਿਆਚਾਰਕ ਭਾਗ ਵਿੱਚ ਹਿੱਸਾ ਲੈਣਗੇ। ਸਰਕਾਰੀ ਕਾਲਜ, ਫੇਜ਼ 6, ਮੋਹਾਲੀ; ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਕੁਰਾਲੀ; ਲਕਸ਼ਮੀ ਤਾਰਾ ਰਾਠੌਰ ਪਬਲਿਕ ਸਕੂਲ, ਸਿਆਲਬਾ ਮਾਜਰੀ ਦੇ ਐਨ.ਸੀ.ਸੀ. ਕੈਡਿਟ; ਅਤੇ ਮਾਤਾ ਸਾਹਿਬ ਕੌਰ ਪਬਲਿਕ ਸਕੂਲ, ਸਵਾੜਾ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਸੋਹਾਣਾ ਅਤੇ ਸਕੂਲ ਆਫ਼ ਐਮੀਨੈਂਸ, ਫੇਜ਼ 3ਬੀ1, ਮੋਹਾਲੀ ਦੇ ਸਕੂਲ ਬੈਂਡ ਦੇ ਨਾਲ ਮਾਰਚ ਪਾਸਟ ਵਿੱਚ ਹਿੱਸਾ ਲੈਣਗੇ।
ਸਕੂਲ ਆਫ਼ ਐਮੀਨੈਂਸ, ਫੇਜ਼ 3ਬੀ1 (ਸਰਕਾਰੀ ਪ੍ਰਾਇਮਰੀ ਸਕੂਲ) ਦੇ ਵਿਸ਼ੇਸ਼ ਬੱਚਿਆਂ ਨੂੰ ਜਸ਼ਨਾਂ ਦੀ ਸਮਾਪਤੀ ਲਈ ਰਾਸ਼ਟਰੀ ਗੀਤ ਗਾਉਣ ਦਾ ਮਾਣ ਪ੍ਰਾਪਤ ਹੋਵੇਗਾ। ਡੀਐਸਪੀ ਜਤਿੰਦਰ ਸਿੰਘ ਚੌਹਾਨ, ਡੀਐਸਪੀ ਪੀਬੀਆਈ/ਹੋਮਿਸਾਈਡ, ਮੋਹਾਲੀ ਪਰੇਡ ਦੀ ਅਗਵਾਈ ਕਰਨਗੇ, ਜਿਸ ਵਿੱਚ ਪੰਜਾਬ ਪੁਲਿਸ (ਪੁਰਸ਼ ਅਤੇ ਮਹਿਲਾ ਵਿੰਗ), ਐਨ ਸੀ ਸੀ ਕੈਡੇਟ ਅਤੇ ਸਕੂਲ ਬੈਂਡ ਸ਼ਾਮਲ ਹੋਣਗੇ। ਮੀਟਿੰਗ ਦੌਰਾਨ ਏ ਡੀ ਸੀ ਗੀਤਿਕਾ ਸਿੰਘ, ਸੋਨਮ ਚੌਧਰੀ ਅਤੇ ਅਨਮੋਲ ਸਿੰਘ ਧਾਲੀਵਾਲ; ਏ ਸੀ ਏ ਗਮਾਡਾ ਅਮਰਿੰਦਰ ਸਿੰਘ ਮੱਲ੍ਹੀ; ਐਸ ਪੀ (ਹੈੱਡਕੁਆਰਟਰ) ਰਮਨਦੀਪ ਸਿੰਘ; ਐਸ ਡੀ ਐਮ ਦਮਨਦੀਪ ਕੌਰ; ਸਹਾਇਕ ਕਮਿਸ਼ਨਰ (ਜ) ਡਾ. ਅੰਕਿਤਾ ਕਾਂਸਲ ਅਤੇ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਹਾਜ਼ਰ ਅਧਿਕਾਰੀਆਂ ਵਿੱਚ ਸ਼ਾਮਲ ਸਨ।