

ਮਾਨਸਾ ਦੇ ਪਿੰਡ ਬੁਰਜ ਹਰੀ ਵਿਖੇ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਥੇ ਪਹੁੰਚੇ ਸਥਾਨਕ ਵਿਧਾਇਕ ਵਿਜੈ ਸਿੰਗਲਾ ਦਾ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਲੋਕਾਂ ਨੇ ਵਿਧਾਇਕ ਦੇ ਘਿਰਾਓ ਕਰ ਕੇ ਰੋਸ਼ ਪ੍ਰਦਰਸ਼ਨ ਕੀਤਾ, ਜਿਸ ਦੌਰਾਨ ਹੋਈ ਧੱਕਾ ਮੁੱਕੀ ਦੌਰਾਨ ਇਕ ਔਰਤ ਬੇਹੋਸ਼ ਹੋ ਗਈ। ਇਸ ਦੌਰਾਨ ਲੋਕਾਂ ਨੇ ਵਿਧਾਇਕ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਲੋਕਾਂ ਦਾ ਇਲਜਾਮ ਸੀ ਕਿ ਵਿਧਾਇਕ ਵੱਲੋਂ ਉਨ੍ਹਾਂ ਦੇ ਪਿੰਡ ਵਿਚ ਕੰਮ ਨਹੀਂ ਹੋਣ ਦਿੱਤੇ ਜਾ ਰਹੇ ਅਤੇ ਵਿਧਾਇਕ ਦੀ ਪੀਏ ਲੋਕਾਂ ਤੇ ਨਾਜਾਇਜ ਪਰਚੇ ਦਰਜ ਕਰਵਾ ਰਿਹਾ ਐ। ਲੋਕਾਂ ਦਾ ਇਲਜਾਮ ਐ ਕਿ ਜਦੋਂ ਤੋਂ ਮੌਜੂਦਾ ਵਿਧਾਇਕ ਨੇ ਚੋਣ ਜਿੱਤੀ ਐ, ਪਿੰਡ ਵਿਚ ਧੜੇਬੰਦੀ ਵੱਧ ਗਈ ਐ। ਇਸ ਦੌਰਾਨ ਗੱਲ ਧੱਕਾਮੁੱਕੀ ਤਕ ਵੀ ਪਹੁੰਚ ਗਈ ਜਿਸ ਤੋਂ ਬਾਅਦ ਪੂਰਾ ਪਿੰਡ ਪੁਲਿਸ ਛਾਊਣੀ ਵਿਚ ਤਬਦੀਲ ਹੋ ਗਿਆ। ਪੁਲਿਸ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਹਾਲਾਤ ਤੇ ਕਾਬੂ ਪਾਇਆ। ਲੋਕਾਂ ਦੇ ਭਾਰੀ ਵਿਰੋਧ ਦੇ ਚਲਦਿਆਂ ਵਿਧਾਇਕ ਦੇ ਕਾਫਲੇ ਨੂੰ ਬੇਰੰਗ ਵਾਪਸ ਪਰਤਣਾ ਪਿਆ।


