ਅੰਮ੍ਰਿਤਸਰ ਪੁਲਿਸ ਵੱਲੋਂ ਖਾਲਿਸਤਾਨੀ ਸਲੋਗਨ ਲਿਖਣ ਦੇ ਮੁਲਜ਼ਮ ਕਾਬੂ; ਪੁਲਿਸ ਨੇ ਘਟਨਾ ਤੋਂ 24 ਘੰਟਿਆ ਅੰਦਰ ਦੋ ਜਣਿਆਂ ਨੂੰ ਕੀਤਾ ਗ੍ਰਿਫਤਾਰ; ਵਿਦੇਸ਼ ‘ਚ ਬੈਠੇ ਸ਼ਖ਼ਸ ਨੇ ਪੈਸਿਆਂ ਦਾ ਲਾਲਚ ਦੇ ਕੇ ਕੀਤਾ ਸੀ ਗੁਮਰਾਹ

0
9

ਅੰਮ੍ਰਿਤਸਰ ਪੁਲਿਸ ਨੇ ਸ਼ਹਿਰ ਦੇ ਸ਼ਵਾਲਾ ਭਾਈਆਂ ਮੰਦਰ, ਅੰਮ੍ਰਿਤਸਰ ਕੋਟ ਅਤੇ ਖਾਲਸਾ ਕਾਲਜ ਦੇ ਬਾਹਰ ਖਾਲਿਸਤਾਨ ਦੇ ਸਲੋਗਨ ਲਿਖਣ ਦੇ ਮਾਮਲੇ ‘ਚ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਕਾਰਵਾਈ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਕੀਤੀ ਗਈ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ 6-7 ਅਗਸਤ ਦੀ ਰਾਤ ਨੂੰ ਸ਼ਹਿਰ ਦੇ ਵੱਖ-ਵੱਖ ਸਾਰਜਨਿਕ ਥਾਵਾਂ, ਜਿਵੇਂ ਕਿ ਮੰਦਰ ਦੀਆਂ ਕੰਧਾਂ, ਬੋਰਡ ਅਤੇ ਕਾਲਜ ਦੀਆਂ ਕੰਧਾਂ ‘ਤੇ ਖਾਲਿਸਤਾਨ ਹਮਾਇਤੀ ਸਲੋਗਨ ਲਿਖੇ ਗਏ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿਵਲ ਲਾਈਨ, ਕੈਂਟ ਅਤੇ ਹੋਰ ਏ-ਡਵੀਜ਼ਨ  ‘ਚ ਵੱਖ-ਵੱਖ ਐਫਆਈਆਰਾਂ ਦਰਜ ਕੀਤੀਆਂ ਗਈਆਂ ਅਤੇ ਤੁਰੰਤ ਤਫ਼ਤੀਸ਼ ਸ਼ੁਰੂ ਕੀਤੀ ਗਈ। ਪੁਲਿਸ ਨੇ ਦਿਨ ਰਾਤ ਮਿਹਨਤ ਕਰਦਿਆਂ ਕੇਸ ਨੂੰ ਚੈਲੇਂਜ ਵਜੋਂ ਲਿਆ ਅਤੇ 24 ਘੰਟਿਆਂ ਦੇ ਅੰਦਰ ਅੰਦਰ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ।
ਗ੍ਰਿਫਤਾਰ ਸ਼ਖ਼ਸਾਂ ਵਿੱਚੋਂ ਇੱਕ ਦੀ ਪਹਚਾਣ ਜਸ਼ਨਪ੍ਰੀਤ (22) ਵਜੋਂ ਹੋਈ ਹੈ, ਜੋ ਕਿ ਬਟਾਲਾ ਦੇ ਦਰਗਾਹ ਕੋਟਲੀ ਸੂਰਤ ਮੱਲੀਆਂ ਪਿੰਡ ਦਾ ਰਹਿਣ ਵਾਲਾ ਹੈ ਅਤੇ ਖੇਤੀ ਕਰਦਾ ਹੈ। ਦੂਜਾ ਆਰੋਪੀ ਉਸੇ ਪਿੰਡ ਦਾ 18 ਸਾਲ ਤੋਂ ਘੱਟ ਉਮਰ ਦਾ ਲੜਕਾ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਦੋਵਾਂ ਨੂੰ  ਸ਼ਮਸ਼ੇਰ ਸ਼ੇਰਾ, ਜੋ ਇਸ ਵੇਲੇ ਵਿਦੇਸ਼ ਵਿੱਚ ਹੈ, ਨੇ ਸੰਪਰਕ ਕਰਕੇ ਗੁਮਰਾਹ ਕੀਤਾ ਸੀ। ਉਸ ਨੇ ਪੈਸਿਆਂ ਦਾ ਲਾਲਚ ਦੇ ਕੇ ਇਹ ਕੰਮ ਕਰਵਾਇਆ, ਪਰ ਅੱਜ ਤੱਕ ਕੋਈ ਰਕਮ ਨਹੀਂ ਦਿੱਤੀ ਗਈ। ਸ਼ੇਰਾ ਨਾਲ ਸੰਪਰਕ ਲਈ ਸਨੈਪਚੈਟ ਆਈਡੀ ਦੀ ਵਰਤੋਂ ਕੀਤੀ ਗਈ ਅਤੇ ਬਣਾਏ ਗਏ ਵੀਡੀਓ ਉਸ ਨੂੰ ਭੇਜੇ ਗਏ, ਜਿਨ੍ਹਾਂ ਨੂੰ ਬਾਅਦ ‘ਚ ਐਸਐਫਜੇ ਹਮਾਇਤੀ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਅੱਪਲੋਡ ਕਰ ਦਿੱਤਾ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਕੇਸ ਨੂੰ ਟਰੇਸ ਕਰਨ ਲਈ ਟੈਕਨੀਕਲ ਐਵੀਡੈਂਸ, ਵੱਖ-ਵੱਖ ਥਾਵਾਂ ਤੋਂ ਇਕੱਠੀ ਕੀਤੀ ਜਾਣਕਾਰੀ ਅਤੇ ਲੋਕਾਂ ਨਾਲ ਪੁੱਛਗਿੱਛ ਦਾ ਸਹਾਰਾ ਲਿਆ ਗਿਆ। ਸੀ.ਆਈ.ਏ. ਟੀਮ ਨੇ ਇੰਸਪੈਕਟਰ ਅਨਮੋਲਕ ਦੀ ਅਗਵਾਈ ‘ਚ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਅਤੇ ਕੱਲ੍ਹ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਆਰਗਨਾਈਜ਼ਡ ਕ੍ਰਾਈਮ ਜਾਂ ਐਂਟੀ-ਨੇਸ਼ਨਲ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਆਪਣੀ ਟੀਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਉੱਚ-ਸਤ੍ਹਾ ਦੀ ਡਿਟੈਕਸ਼ਨ ਹੈ, ਜੋ ਪ੍ਰੋਫੈਸ਼ਨਲ ਢੰਗ ਨਾਲ ਕੀਤੀ ਗਈ ਹੈ ਅਤੇ ਇਸ ਦਾ ਨਤੀਜਾ ਸਭ ਦੇ ਸਾਹਮਣੇ ਹੈ।

LEAVE A REPLY

Please enter your comment!
Please enter your name here