ਹੁਸ਼ਿਆਰਪੁਰ ਸਿਹਤ ਵਿਭਾਗ ਨੇ ਨਕਲੀ ਦੇਸੀ ਘਿਓ ਵੇਚੇ ਜਾਣ ਦਾ ਪਰਦਾਫਾਸ਼ ਕੀਤਾ ਐ। ਵਿਭਾਗ ਦੀ ਟੀਮ ਨੇ ਸ਼ਹਿਰ ਦੇ ਗਊਸ਼ਾਲਾ ਬਾਜ਼ਾਰ ਵਿਖੇ ਸਥਿਤ ਜਿੰਦਲ ਟਰੇਡਿੰਗ ਨਾਮ ਦੀ ਦੁਕਾਨ ਤੇ ਛਾਪੇਮਾਰੀ ਕਰ ਕੇ ਉੱਥੇ ਗਊ ਦਾ ਦੋਸ਼ੀ ਘਿਉ ਦੇ ਨਾਮ ਹੇਠ ਵੇਚਿਆ ਜਾ ਰਿਹਾ ਨਕਲੀ ਘਿਉ ਬਰਾਮਦ ਕੀਤਾ ਐ। ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਤਜਿੰਦਰ ਕੁਮਾਰ ਭਾਟੀਆ ਦੀ ਅਗਵਾਈ ਹੇਠ ਪਹੁੰਚੀ ਟੀਮ ਨੇ ਘਿਉ ਦੇ ਸੈਂਪਲ ਭਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਫਸਰ ਡਾ. ਤਜਿੰਦਰ ਕੁਮਾਰ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਜਿੰਦਲ ਟਰੈਡਰ ਨਾਮ ਦੀ ਫਮ ਵੱਲੋਂ ਐਵਿਕ ਨਾਮ ਹੇਠ ਨਕਲੀ ਗਊ ਦਾ ਦੇਸੀ ਘਿਉ ਵੇਚੇ ਜਾਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਇਸ ਘਿਉ ਦੇ ਸੈਂਪਲ ਪਹਿਲਾਂ ਵੀ ਫੇਲ੍ਹ ਹੋ ਚੁੱਕੇ ਸੀ, ਇਸ ਦੇ ਬਾਵਜੂਦ ਇਸ ਦੁਕਾਨ ਤੇ ਇਸ ਘਿਉ ਨੂੰ ਵੇਚਿਆ ਜਾ ਰਿਹਾ ਸੀ। ਵਿਭਾਗ ਦੀ ਟੀਮ ਨੇ ਘਿਉ ਤੇ ਸੈਂਪਲ ਭਰ ਕੇ ਦੁਕਾਨ ਨੂੰ ਸੀਲ ਕਰ ਦਿਤਾ ਐ।
ਉਨ੍ਹਾਂ ਕਿਹਾ ਕਿ ਇਹ ਸੈਂਪਲ ਲੈਬਾਰਟਰੀ ਵਿਚ ਭੇਜੇ ਜਾਣਗੇ, ਜਿਸ ਦੀ ਰਿਪੋਰਟ ਆਉਣ ਤੋਂ ਬਾਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਵੇਰਕਾ ਤੇ ਅਮੁੱਲ ਬਰਾਡ ਦੇ ਘਿਉ ਹੀ ਵਰਤਣ ਦੀ ਸਲਾਹ ਦਿਤੀ ਐ ਅਤੇ ਅਜਿਹੇ ਲੁਭਾਉਣੇ ਨਾਵਾਂ ਹੇਠ ਵੇਚੇ ਜਾ ਰਹੀ ਦੇਸੀ ਘਿਉਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।