ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ ਛੇੜੀ ਲੜਾਈ ਨੂੰ ਫੈਸਲਾਕੁੰਨ ਜੰਗ ਵਿਚ ਤਬਦੀਲ ਕਰਨ ਲਈ ਇਸ ਦੇ ਅਗਲੇ ਪੜਾਅ ਸ਼ੁਰੂਆਤ ਕਰ ਦਿੱਤੀ ਐ। ਇਸ ਦੇ ਤਹਿਤ ਸੂਬੇ ਦੇ ਹਰ ਪਿੰਡ ਤੇ ਵਾਰਡ ਵਿਚ ਨਸ਼ਿਆਂ ਖ਼ਿਲਾਫ਼ ਲੜਣ ਲਈ ਡਿਫੈਂਸ ਕਮੇਟੀਆਂ ਬਣਾ ਦਿੱਤੀਆਂ ਨੇ। ਇਸ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਲੁਧਿਆਣਾ ਤੋਂ ਕਰ ਦਿੱਤੀ ਐ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਦ੍ਰਿੜ੍ਹ ਸੰਕਲਪ ਐ, ਜਿਸ ਦੇ ਤਹਿਤ ਅੱਜ ਇਹ ਕਮੇਟੀਆਂ ਦਾ ਗਠਨ ਕੀਤਾ ਗਿਆ ਐ।
ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਪਿਛਲੀਆਂ ਸਰਕਾਰਾਂ ਨੇ ਇਮਾਨਦਾਰੀ ਨਾਲ ਕੰਮ ਕੀਤਾ ਹੁੰਦਾ ਤਾਂ ਸਾਨੂੰ ਇਹ ਕਾਰਜ ਕਰਨ ਦੀ ਜ਼ਰੂਰਤ ਨਹੀਂ ਸੀ ਪੈਣੀ। ਨਸ਼ਿਆਂ ਦੇ ਮੁੱਦੇ ’ਤੇ ਬੋਲਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ, ਚਾਹੇ ਕਿੰਨਾ ਵੀ ਵੱਡਾ ਵਿਅਕਤੀ ਕਿਉਂ ਨਾ ਹੋਵੇ।
ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇਕ ਵੱਡੇ ਨਸ਼ਾ ਤਸਕਰ ਨੂੰ ਫੜ ਕੇ ਜੇਲ੍ਹ ਭੇਜਿਆ ਤਾਂ ਇਹ ਭਾਜਪਾ ਅਤੇ ਕਾਂਗਰਸ ਵਾਲੇ ਉਸ ਹੱਕ ਵਿਚ ਖੜ੍ਹੇ ਹੋ ਗਏ। ਮੈਂ ਕਾਂਗਰਸੀਆਂ ਅਤੇ ਭਾਜਪਾਈਆਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹ ਨਸ਼ੇ ਦੇ ਸੌਦਾਗਰਾਂ ਦੇ ਵਿਰੁੱਧ ਹਨ ਜਾਂ ਉਨ੍ਹਾਂ ਦੇ ਨਾਲ ਖੜ੍ਹੇ ਹਨ। ਜਾਣਕਾਰੀ ਮੁਤਾਬਕ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਸਰਕਾਰ ਨੇ ਪਿੰਡ ਅਤੇ ਵਾਰਡ ਪੱਧਰ ‘ਤੇ ਡਿਫੈਂਸ ਕਮੇਟੀਆਂ ਬਣਾਉਣ ਦਾ ਫ਼ੈਸਲਾ ਲਿਆ ਹੈ।
ਇਨ੍ਹਾਂ ਕਮੇਟੀਆਂ ਵਿਚ ਅਬਾਦੀ ਦੇ ਅਧਾਰ ‘ਤੇ ਮੈਂਬਰਾਂ ਦੀ ਗਿਣਤੀ ਹੋਵੇਗੀ। ਕਮੇਟੀ ਵਿਚ ਘੱਟੋ-ਘੱਟ 10 ਅਤੇ ਵੱਧ ਤੋਂ ਵੱਧ 20 ਮੈਂਬਰ ਹੋਣਗੇ। ਇਨ੍ਹਾਂ ਡਿਫੈਂਸ ਕਮੇਟੀਆਂ ਵਿਚ ਸੇਵਾ ਮੁਕਤ ਫ਼ੌਜੀਆਂ, ਅਧਿਆਪਕਾਂ ਤੇ ਨੰਬਰਦਾਰਾਂ ਨੂੰ ਮੁੱਖ ਤਰਜੀਹ ਦਿੱਤੀ ਜਾਵੇਗੀ। ਇਨ੍ਹਾਂ ਸਾਰਿਆਂ ਨੂੰ ਆਪੋ-ਆਪਣੇ ਇਲਾਕੇ ਵਿਚ ਨਸ਼ੇ ਦੇ ਖ਼ਾਤਮੇ ਲਈ ਬਣਦੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ।